Mansa News : ਚਤਰ ਸਿੰਘ, ਬੁਢਲਾਡਾ : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਮਾਨਸਾ ਸਾਹਮਣੇ ਜਾਰੀ ਧਰਨੇ ਦੌਰਾਨ ਪਿੰਡ ਗੁੜੱਦੀ ਦੇ ਕਿਸਾਨ ਜੁਗਰਾਜ ਸਿੰਘ ਦੀ ਮੌਤ ਹੋ ਗਈ ਸੀ। ਬੀਤੇ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ 'ਚ ਆਪਸੀ ਸਹਿਮਤੀ ਨਾਲ ਹੋਏ ਸਮਝੌਤੇ ਤਹਿਤ ਮ੍ਰਿਤਕ ਦੇ ਪਰਿਵਾਰ ਨੂੰ ਤਿੰਨ ਲੱਖ ਦੀ ਆਰਥਿਕ ਮਦਦ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਮੰਨੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਪੰਜਵੇਂ ਦਿਨ ਪਿੰਡ ਗੁੜੱਦੀ ਵਿਖੇ ਸਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾਈ ਆਗੂ ਕੁਲਦੀਪ ਸਿੰਘ ਚੱਕ ਭਾਈਕੇ, ਸ਼ਿਗਾਰਾ ਸਿੰਘ ਦੋਦੜਾ, ਜਰਨੈਲ ਸਿੰਘ ਸਤੀਕੇ, ਬੀਕੇਯੂ (ਡਕੌਦਾਂ) ਦੇ ਦਰਸ਼ਨ ਸਿੰਘ ਗੁਰਨੇ, ਪੰਜਾਬ ਕਿਸਾਨ ਯੁਨੀਅਨ ਦੇ ਗੁਰਨਾਮ ਸਿੰਘ ਭੀਖੀ, ਰਾਮਫਲ ਸਿੰਘ ਚੱਕ ਅਲੀਸ਼ੇਰ ਤੋਂ ਇਲਾਵਾ ਮਾਰਕਿਟ ਕਮੇਟੀ ਬੁਢਲਾਡਾ ਦੇ ਸਾਬਕਾ ਚੇਅਰਮੈਨ ਸ਼ਮਸ਼ੇਰ ਸਿੰਘ ਗੁੱੜਦੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਬਲਵਿੰਦਰ ਸਿੰਘ ਔਲਖ, ਸਰਪੰਚ ਮਹਿੰਦਰ ਸਿੰਘ ਗੁੜੱਦੀ, ਜਸਪਾਲ ਸਿੰਘ ਗੁੜੱਦੀ, ਲਾਲ ਸਿੰਘ ਭੀਖੀ ਤੋਂ ਇਲਾਵਾ ਅਨੇਕਾਂ ਹੋਰ ਆਗੂ ਤੇ ਪਿੰਡ ਵਾਸੀ ਮੌਜੂਦ ਸਨ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੇ ਮਾਨਸਾ ਸੰਘਰਸ਼ ਤਹਿਤ ਬੀਤੀ 17 ਅਕਤੂਬਰ ਨੂੰ ਕਿਸਾਨ ਜੁਗਰਾਜ ਸਿੰਘ ਗੁੜੱਦੀ ਦੀ ਮੌਤ ਹੋ ਗਈ ਸੀ।

Posted By: Seema Anand