ਜਗਤਾਰ ਸਿੰਘ ਧੰਜਲ, ਮਾਨਸਾ : ਕੋਰੋਨਾ ਨੂੰ ਲੈ ਕੇ ਮਾਨਸਾ 'ਚ ਭਾਵੇਂ ਹਾਲੇ ਨਵੇਂ ਕੋਈ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਏ ਹਨ, ਪਰ ਸਿਹਤ ਵਿਭਾਗ ਇਕ ਵਾਰ ਇਸ ਨੂੰ ਲੈ ਕੇ ਭੈਅਭੀਤ ਜ਼ਰੂਰ ਹੋ ਗਿਆ ਹੈ। ਬੀਤੀ ਕੱਲ ਸਿਹਤ ਵਿਭਾਗ ਵੱਲੋਂ 628 ਤੇ ਸ਼ਨੀਚਰਵਾਰ ਨੂੰ 310 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਵੇਲੇ ਮਾਨਸਾ 'ਚ ਕੋਰੋਨਾ ਦੇ 7 ਐਕਟਿਵ ਮਾਮਲੇ ਮੌਜੂਦ ਹਨ। ਜਿਨ੍ਹਾਂ ਤਹਿਤ ਮਾਨਸਾ 'ਚ 2, ਬੁਢਲਾਡਾ 'ਚ 1, ਖਿਆਲਾ ਕਲਾਂ ਵਿੱਚ 1 ਅਤੇ ਸਰਦੂਲਗੜ੍ਹ 'ਚ 3 ਕੇਸ ਪਾਏ ਗਏ ਹਨ। ਹੁਣ ਤਕ ਮਾਨਸਾ 'ਚ 1033, ਬੁਢਲਾਡਾ ਵਿੱਚ 658, ਖਿਆਲਾ ਕਲਾਂ ਵਿੱਚ 360 ਅਤੇ ਸਰਦੂਲਗੜ੍ਹ 'ਚ 445 ਮਾਮਲੇ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਜਿੰਨਾਂ ਦੀ ਕੁੱਲ ਗਿਣਤੀ 2496 ਹੋ ਚੁੱਕੀ ਹੈ। ਮਾਨਸਾ 'ਚ ਹੁਣ ਤਕ ਕਰੀਬ 54 ਮੌਤਾਂ ਕੋਰੋਨਾ ਨਾਲ ਹੋ ਚੁੱਕੀਆਂ ਹਨ। ਜ਼ਿਲ੍ਹੇ ਭਰ 'ਚ ਕੋਰੋਨਾ ਮਹਾਮਾਰੀ ਦੌਰਾਨ 105025 ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਦਕਿ 2497 ਪਾਜ਼ੇਟਿਵ ਮਾਮਲੇ ਹੋਣ ਉਪਰੰਤ ਕੁਝ ਮਾਮਲੇ ਠੀਕ ਵੀ ਹੋ ਚੁੱਕੇ ਹਨ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਨਵੀਆਂ ਹਦਾਇਤਾਂ ਦੇ ਤਹਿਤ ਕੋਰੋਨਾ ਦੇ ਨਮੂਨੇ ਲਏ ਜਾ ਰਹੇ ਹਨ ਅਤੇ ਇਸ ਵਾਸਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਦੋ ਦਿਨ ਪਹਿਲਾਂ ਕੋਰੋਨਾ ਦੇ ਦੂਜੇ ਪੜਾਅ ਦੌਰਾਨ ਬੁਢਲਾਡਾ ਦੇ ਇਕ ਪਿੰਡ ਦੀ ਵਾਸੀ ਅੌਰਤ ਦੀ ਕੋਰੋਨਾ ਕਾਰਨ ਲੁਧਿਆਣਾ ਵਿਖੇ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਸਰਕਾਰੀ ਤੇ ਪ੍ਰਰਾਈਵੇਟ ਹਸਪਤਾਲਾਂ ਚ ਇਲਾਜ ਕੀਤਾ ਜਾ ਰਿਹਾ ਹੈ। ਪ੍ਰਤੀ ਦਿਨ ਕਰੀਬ 200 ਤੋਂ ਲੈ ਕੇ 300 ਤਕ ਕੋਰੋਨਾ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਤੇ ਇਸ ਵਾਸਤੇ ਸਪੈਸ਼ਲ ਤੌਰ 'ਤੇ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਹਾਲੇ ਤਕ ਭਾਵੇਂ ਇਸ ਨੂੰ ਲੈ ਕੇ ਕੋਈ ਸਖਤ ਹਦਾਇਤਾਂ ਦਾ ਐਲਾਨ ਨਹੀਂ ਕੀਤਾ, ਪਰ ਮੰਨਿਆ ਜਾ ਰਿਹਾ ਹੈ ਕਿ ਪਹਿਲੀ ਮਾਰਚ ਤੋਂ ਇਸ ਵਾਸਤੇ ਨਵੇਂ ਨਿਯਮ ਲਾਗੂ ਕੀਤਾ ਜਾ ਰਹੇ ਹਨ। ਦੂਜੇ ਪਾਸੇ ਲੋਕਾਂ 'ਚ ਇਸ ਨੂੰ ਲੈ ਕੇ ਭੈਅ ਬਰਕਰਾਰ ਹੈ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਕਹਿੰਦੇ ਹਨ ਕਿ ਕੋਰੋਨਾ ਨੂੰ ਲੈ ਕੇ ਵਿਭਾਗ ਪਹਿਲਾਂ ਵੀ ਪੂਰੀ ਤਰ੍ਹਾਂ ਚੌਕਸ ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ ਤੇ ਹੁਣ ਵੀ ਉਸ ਵੱਲੋਂ ਲੋਕਾਂ ਨੁੰ ਇਸ ਤੋਂ ਬਚਾਅ ਲਈ ਲਗਾਤਾਰ ਹਦਾਇਤਾਂ ਕਰ ਕੇ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਇਸ ਵਾਸਤੇ ਵੈਕਸੀਨ ਤੇ ਹੋਰ ਹਦਾਇਤਾਂ ਦਾ ਪਾਲਣ ਵੀ ਕੀਤਾ ਜਾ ਰਿਹਾ ਹੈ। ਪਹਿਲੀ ਮਾਰਚ ਤੋਂ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮਾਨਸਾ 'ਚ ਵੀ ਰਾਤ ਦੇ ਕਰਫਿਊ ਤੋਂ ਇਲਾਵਾ ਮਾਸਕ ਨਾ ਪਾਉਣ ਵਾਲਿਆਂ ਲਈ ਸਖਤ ਕਾਰਵਾਈ ਦੇ ਆਦੇਸ਼ ਹੋ ਸਕਦੇ ਹਨ। ਪਿਛਲੇ ਪੜਾਅ 'ਚ ਮਾਨਸਾ ਪੁਲਿਸ ਨੇ ਮਾਸਕ ਨਾ ਪਾਉਣ ਨੂੰ ਲੈ ਕੇ ਲੋਕਾਂ ਦੇ ਚਲਾਨ ਕੱਟ ਕੇ ਲੱਖਾਂ ਰੁਪਏ ਦਾ ਜੁਰਮਾਨਾ ਵਸੂਲਿਆ ਸੀ। ਇਸ ਵਾਰ ਇਹ ਹਦਾਇਤਾਂ ਸਖਤ ਹੋਣ ਦੀ ਸੰਭਾਵਨਾ ਹੈ। ਉਧਰ ਮਾਪਿਆਂ 'ਚ ਛੋਟੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ। ਮਾਰਚ ਮਹੀਨੇ ਵਿੱਚ ਬੱਚਿਆਂ ਦੇ ਇਮਤਿਹਾਨ ਹੋਣ ਦੇ ਮੱਦੇਨਜਰ ਫਿਕਰ ਬਰਕਰਾਰ ਹੈ ਕਿ ਇਸ ਮਹਾਮਾਰੀ ਤੋਂ ਛੋਟੇ ਬੱਚਿਆਂ ਦਾ ਬਚਾਅ ਕਿਵੇਂ ਕੀਤਾ ਜਾਵੇ।