ਚਤਰ ਸਿੰਘ, ਬੁਢਲਾਡਾ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾ: ਲਾਲ ਚੰਦ ਠਕਰਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ਅੰਦਰ ਕੋਰੋਨਾ ਬੀਮਾਰੀ ਦੀ ਰੋਕਥਾਮ ਲਈ ਕੋਰੋਨਾ ਪ੍ਰਭਾਵਿਤ ਖੇਤਰਾਂ ਚ ਸਰਵੇ ਜਾਰੀ ਹੈ। ਜਿਸ ਤਹਿਤ ਵੀਰਵਾਰ ਨੂੰ ਮਾਈਕਰੋ ਕੰਨਟੇਨਮੈਨਟ ਬਫਰ ਜ਼ੋਨ ਐਲਾਨੇ ਪਿੰਡ ਚੱਕ ਭਾਈਕੇ ਵਿਖੇ ਸਿਹਤ ਇੰਸਪੈਕਟਰ ਭੋਲਾ ਸਿੰਘ ਵਿਰਕ ਦੀ ਅਗਵਾਈ ਹੇਠ ਸਿਹਤ ਕੇਂਦਰ ਚੱਕ ਭਾਈਕੇ ਤੇ ਬੱਛੋਆਣਾ ਅਧੀਨ ਆਉਂਦੇ ਮਲਟੀਪਰਪਜ਼ ਹੈਲਥ ਵਰਕਰਾਂ (ਮੇਲ-ਫੀਮੇਲ) ਨੇ 25 ਜੁਲਾਈ ਤੋਂ ਪਿੰਡ ਅੰਦਰ ਘਰ-ਘਰ ਜਾ ਕੇ ਸਰਵੇ ਸ਼ੁਰੂ ਕੀਤਾ ਹੋਇਆ ਹੈ ਤੇ ਲੋਕਾਂ ਪਾਸੋਂ ਕਿਸੇ ਕਿਸਮ ਦੇ ਖੰਘ, ਜੁਕਾਮ, ਬੁਖਾਰ ਦੇ ਲੱਛਣਾਂ ਬਾਰੇ ਪਤਾ ਕਰ ਕੇ ਸੂਚੀਆਂ ਤਿਆਰ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਾਬਣ, ਸੈਨੇਟਾਈਜਰ ਅਤੇ ਮਾਸਕ ਆਦਿ ਵੀ ਦਿੱਤੇ ਜਾ ਰਹੇ ਹਨ।

ਇਸ ਦੌਰਾਨ ਵਿਰਕ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਹ ਸਰਵੇ ਜਾਰੀ ਰਹੇਗਾ। ਇਸੇ ਦੌਰਾਨ ਕੋਵਿਡ ਕੇਅਰ ਸੈਂਟਰ ਮਾਨਸਾ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਾਤਾ ਸੁੰਦਰੀ ਗਰਲਜ਼ ਕਾਲਜ ਵਿੱਚ ਸਥਾਪਤ ਕੋਵਿਡ ਕੇਅਰ ਸੈਂਟਰ 'ਚ 'ਗੱਲ ਪਤੇ ਦੀ, ਗੱਲ ਫ਼ਤਿਹ ਦੀ' ਤਹਿਤ ਕਾਰਜ ਕਰਦਿਆਂ ਮਰੀਜ਼ਾਂ ਦਾ ਮਨੋਬਲ ਉੱਚਾ ਚੁੱਕਣ ਲਈ ਕਈ ਉਸਾਰੂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਤਹਿਤ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਸਦਕਾਂ ਹੀ ਉਹ ਜਲਦ ਸਿਹਤਯਾਬ ਹੋ ਰਹੇ ਹਨ। ਉਨ੍ਹਾਂ ਦੱਸਿਆਂ ਕਿ ਪਿੰਡ ਚੱਕਭਾਈਕੇ ਦੇ 4 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਗਏ ਹਨ।