ਜਗਤਾਰ ਸਿੰਘ ਧੰਜਲ, ਮਾਨਸਾ : ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਲਗਾਤਾਰ ਜਾਗਰੂਕ ਕਰ ਕੇ ਨਮੂਨੇ ਲੈਣ 'ਚ ਲੱਗੇ ਸਿਹਤ ਵਿਭਾਗ ਦੀ ਸਾਹਮਣੇ ਆਈ ਇਕ ਲਾਪਰਵਾਹੀ ਨੇ ਸਭ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਹਾਲਾਂਕਿ ਵਿਭਾਗ ਇਸ ਨੂੰ ਲਾਪਰਵਾਹੀ ਨਹੀਂ, ਬਲਕਿ ਇਸ ਦਾ ਪਤਾ ਬਾਅਦ ਵਿਚ ਲੱਗਣ ਦੀ ਗੱਲ ਕਹਿ ਰਿਹਾ ਹੈ ਪਰ ਜਿਹੜੇ ਸਿਹਤ ਕਰਮਚਾਰੀ ਨੇ ਉੱਚ ਅਧਿਕਾਰੀਆਂ ਵੱਲੋਂ ਲਾਈ ਗਈ ਡਿਊਟੀ ਦੌਰਾਨ ਕੁਝ ਵਿਅਕਤੀਆਂ ਦੇ ਕੋਰੋਨਾ ਨਮੂਨੇ ਲਏ ਤੇ ਬਾਅਦ ਵਿਚ ਨਮੂਨੇ ਲੈਣ ਵਾਲਾ ਕਰਮਚਾਰੀ ਹੀ ਕੋਰੋਨਾ ਪੀੜਤ ਨਿਕਲਿਆ ਤਾਂ ਸਿਹਤ ਮਹਿਕਮੇ ਵਿਚ ਇਸ ਨੂੰ ਲੈ ਕੇ ਭਾਜੜ ਮਚ ਗਈ। ਉਹ ਅਫ਼ਸਰਾਂ ਨੇ ਇਹ ਸਭ ਕੁਝ ਸਾਹਮਣੇ ਆਉਣ 'ਤੇ ਹੇਠਲੇ ਅਫ਼ਸਰਾਂ ਨੂੰ ਝਾੜ ਪਾਈ ਤੇ ਸ਼ਾਮ ਤਕ ਇਸ 'ਤੇ ਚਰਚਾ ਹੁੰਦੀ ਰਹੀ। ਬਾਅਦ ਵਿਚ ਨਮੂਨੇ ਲੈਣ ਵਾਲੇ ਸਿਹਤ ਕਰਮਚਾਰੀ ਨੂੰ ਛੁੱਟੀ 'ਤੇ ਘਰ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਕ ਸਿਹਤ ਕਰਮਚਾਰੀ ਦੀ ਸ਼ੱਕੀ ਮਰੀਜ਼ਾਂ ਤੇ ਦਫ਼ਤਰਾਂ 'ਚ ਜਾ ਕੇ ਨਮੂਨੇ ਲੈਣ ਦੀ ਡਿਊਟੀ ਲਾ ਦਿੱਤੀ। ਇਸੇ ਦੌਰਾਨ ਉਸਦੀ ਖ਼ੁਦ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਦੇ ਜਿੰਨੀ ਸਮਰੱਥਾ ਨਾਲ ਉਕਤ ਵਿਅਕਤੀ ਪੀੜਤ ਹੈ, ਉਹ ਕਾਫ਼ੀ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ ਤੇ ਉਸ ਵੱਲੋਂ ਦਫ਼ਤਰਾਂ 'ਚ ਜਾ ਕੇ ਕਾਫ਼ੀ ਵਿਅਕਤੀਆਂ ਦੇ ਕੋਰੋਨਾ ਨਮੂਨੇ ਲਏ ਵੀ ਗਏ ਹਨ। ਸਿਹਤ ਵਿਭਾਗ ਇਹ ਵੀ ਪਤਾ ਕਰ ਸਕਦਾ ਹੈ ਕਿ ਕਿਹੜੇ ਵਿਅਕਤੀ ਇਸ ਸਿਹਤ ਕਰਮੀ ਦੇ ਸੰਪਰਕ ਵਿਚ ਆਏ ਤੇ ਉਸਨੇ ਕਿੰਨੇ ਲੋਕਾਂ ਦੇ ਨਮੂਨੇ ਲੈ ਕੇ ਵਿਭਾਗ ਨੂੰ ਭੇਜੇ ਹਨ।

ਦੂਜੇ ਪਾਸੇ ਸਿਵਲ ਹਸਪਤਾਲ ਮਾਨਸਾ ਦੇ ਐੱਸਐੱਮਓ ਡਾ. ਹਰਚੰਦ ਸਿੰਘ ਦਾ ਕਹਿਣਾ ਹੈ ਕਿ ਇਕ ਕਰਮਚਾਰੀ ਜਿਸਦੀ ਡਿਊਟੀ ਦਫ਼ਤਰਾਂ 'ਚ ਜਾ ਕੇ ਨਮੂਨੇ ਲੈਣ 'ਤੇ ਲਾਈ ਗਈ ਸੀ, ਕੋਰੋਨਾ ਪੀੜਤ ਪਾਇਆ ਗਿਆ। ਪਰ ਉਸਦੇ ਪੀੜਤ ਹੋਣ ਦੀ ਰਿਪੋਰਟ ਬਾਅਦ ਵਿਚ ਆਈ ਹੈ, ਜਦਕਿ ਡਿਊਟੀ ਲਾਏ ਜਾਣ ਮੌਕੇ ਉਹ ਇਸ ਤੋਂ ਪੀੜਤ ਨਹੀਂ ਸੀ।

ਇਸ ਤੋਂ ਇਲਾਵਾ ਵਾਰਡ ਨੰਬਰ 1 ਵਿਚ ਸ਼ਨਿਚਰਵਾਰ ਨੂੰ ਇਕ ਲੜਕੀ ਦੀ ਕੋਰੋਨਾ ਨਾਲ ਮੌਤ ਹੋ ਗਈ, ਜਿਸ ਨੂੰ ਪੀੜਤ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਫਰੀਦਕੋਟ ਭੇਜਿਆ ਗਿਆ ਸੀ, ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।