ਕੁਲਵਿੰਦਰ ਸਿੰਘ ਚਹਿਲ, ਬੁਢਲਾਡਾ

ਪੂਰੇ ਸੰਸਾਰ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਭਾਵਨਾ ਨੂੰ ਮੁੱਖ ਰੱਖਦੇ ਹੋਏ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਵੀ ਸੈਮੀਨਾਰ ਲਗਾਇਆ ਗਿਆ, ਜਿਸ ਦਾ ਮੁੱਖ ਮਨੋਰਥ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਉਦਾਸੀਆਂ ਬਾਰੇ ਸਿੱਖਿਆਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ। ਸੈਮੀਨਾਰ ਦੀ ਸ਼ੁਰੂਆਤ ਕਾਲਜ ਦੇ ਪਿ੍ਰੰਸੀਪਲ ਕੇਕੇ ਸ਼ਰਮਾ ਦੀ ਗਿਆਨਵਰਧਕ ਜਾਣਕਾਰੀ ਨਾਲ ਹੋਈ। ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਹਿੱਤ ਉਹਨਾਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ 'ਤੇ ਆਧਾਰਿਤ ਕਰਨ ਲਈ ਕਿਹਾ।

ਜਾਤਾਂ ਪਾਤਾਂ ਦੇ ਵਿਖਾਵਿਆਂ ਤੋਂ ਦੂਰ ਹੋ ਕੇ ਸਭ ਨੂੰ ਇਕ ਮਾਨਸ ਜਾਤ ਸਮਝਣ ਲਈ ਕਿਹਾ। ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਛਕਣਾ ਨੂੰ ਮਹਾਨ ਕਰਮ ਦੱਸਿਆ। ਭੇਖਾਂ, ਪਾਖੰਡਾਂ ਨੂੰ ਛੱਡ ਕੇ ਇਕ ਸਰਵ-ਵਿਆਪਕ ਪ੍ਰਮਾਤਮਾ ਦੀ ਵਡਿਆਈ ਕਰਨ ਲਈ ਕਿਹਾ। ਇਸ ਦੇ ਨਾਲ ਇਹ ਵੀ ਕਿਹਾ ਕਿ ਸਾਰੇ ਧਰਮਾਂ ਦੇ ਗੁਣ ਸਾਂਝੇ ਹਨ। ਸਾਰੇ ਧਰਮ ਇਹਨਾਂ ਸਾਮਾਨ ਗੱਲਾਂ ਉੱਪਰ ਹੀ ਜ਼ੋਰ ਦਿੰਦੇ ਹਨ। ਬਾਬਰ ਵਰਗੇ ਜਾਲਮ ਲੋਕਾਂ ਦੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਇਸ ਕਲਯੁਗ ਵਿਚ ਅਵਤਾਰ ਧਾਰ ਕੇ ਪਾਰ ਉਤਾਰਾ ਕੀਤਾ। ਇਸ ਤੋਂ ਇਲਾਵਾਂ ਕਾਲਜ ਦੇ ਵਿਦਿਆਰਥੀਆਂ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਅਤੇ ਮੂਲ ਮੰਤਰ ਸਬੰਧੀ ਸਾਂਝੀ ਚਰਚਾ ਕੀਤੀ। ਗੁਰੂ ਨਾਨਕ ਦੇਵ ਜੀ ਦੇ “ਸਚਿਆਰ'' ਹੋਣ ਦੇ ਸੰਕਲਪ ਸਬੰਧੀ ਵਿਚਾਰ ਵਟਾਂਦਰਾ ਕੀਤਾ।

ਕਾਲਜ ਦੇ ਪ੍ਰਰੋ.ਭੁਪਿੰਦਰ ਸਿੰਘ, ਪ੍ਰਰੋ.ਹਰਵਿੰਦਰ ਸਿੰਘ, ਪ੍ਰਰੋ.ਪਰਮਜੀਤ ਕੋਰ ਨੇ ਵੀ ਇਸ ਮੌਕੇ ਵਿਦਿਆਰਥੀਆਂ ਸਨਮੁੱਖ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਵਿਚਾਰ ਪੇਸ਼ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਉੱਪਰ ਚੱਲਣ ਲਈ ਪ੍ਰਰੇਰਿਤ ਕੀਤਾ। ਵਿਦਿਆਰਥੀਆਂ ਨੇ ਸ਼ਾਤੀ ਪੂਰਵਕ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਿਆ।