ਤਰਸੇਮ ਸ਼ਰਮਾ, ਬਰੇਟਾ : ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਉਂਦਾ ਦਿਖਾਈ ਦੇ ਰਿਹਾ ਹੈ। ਜਿਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਬਰੇਟਾ ਪੁਲਿਸ ਵੱਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਥਾਣਾ ਮੁੱਖੀ ਸੁਰਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਅਤੇ ਸਕੂਲ ਵੈਨਾਂ ਦੇ ਕਾਗਜ ਪੱਤਰ ਚੈੱਕ ਕੀਤੇ ਗਏ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰੇਕ ਸਕੂਲ ਬੱਸ ਵਿਚ ਲੋੜੀਂਦੇ ਸਾਧਨ ਉਪਲਬਧ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਵਿਚ ਸਮਰਥਾ ਅਨੁਸਾਰ ਹੀ ਬੱਚਿਆਂ ਨੂੰ ਬਿਠਾਇਆ ਜਾਵੇ ਅਤੇ ਬੱਸਾਂ ਵਿਚ ਸੀਸੀਟੀਵੀ ਕੈਮਰੇ, ਐਮਰਜੈਂਸੀ ਖਿੜਕੀਆਂ, ਅੱਗ ਬੂਝਾੳ ਜੰਤਰ, ਫਾਸਟਏਡ ਬਾਕਸ ਆਦਿ ਜ਼ਰੂਰ ਹੋਣੇ ਚਾਹੀਦੇ ਹਨ ਅਤੇ ਬੱਸਾਂ ਦੇ ਡਰਾਈਵਰਾਂ ਕੋਲ ਹੈਵੀ ਲਾਇਸੈਂਸ ਅਤੇ ਬੱਸ ਚਲਾਉਣ ਦਾ ਤਜਰਬਾ ਹੋਣਾ ਚਾਹੀਦਾ ਹੈ। ਜੇਕਰ ਕੋਈ ਸਕੂਲ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਈ ਅਮਲ ਵਿਚ ਲਿਆਂਦੀ ਜਾਵੇਗੀ।

--ਬਾਸਕ ਲਈ--

ਦੂਜੇ ਪਾਸੇ ਸਮਾਜਸੇਵੀ ਜਗਵਿੰਦਰ ਸਿੰਘ ਧਰਮਪੁਰਾ ਅਤੇ ਜਸਵੀਰ ਸਿੰਘ ਖੁਡਾਲ ਦਾ ਕਹਿਣਾ ਹੈ ਕਿ ਸਾਡੇ ਦੇਸ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਹਮੇਸ਼ਾ ਹੀ ਕਿਉਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਤੋਂ ਬਾਅਦ ਹੀ ਹਰਕਤ ਵਿਚ ਆਉਂਦਾ ਹੈ। ਜਦਕਿ ਸਬੰਧਿਤ ਵਿਭਾਗਾਂ ਨੂੰ ਸਮੇਂ-ਸਮੇਂ 'ਤੇ ਰੂਟੀਨ ਚੈਕਿੰਗ ਕਰ ਕੇ ਨਿਯਮਾਂ ਨੂੰ ਿਛੱਕੇ ਟੰਗਣ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਤਾਂ ਜੋ ਆਦੇਸ਼ ਦਿੱਤੇ ਜਾਂਦੇ ਹਨ। ਉਹ ਤਾਂ ਜ਼ਿਆਦਾਤਰ ਸਮੇਂ ਦੀ ਗਰਦਿਸ਼ ਵਿਚ ਅਲੋਪ ਹੋ ਕੇ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਲਾਗੂ ਕਰਵਾਉਣ ਵਿਚ ਪ੍ਰਸ਼ਾਸਨ ਹਮੇਸ਼ਾ ਅਸਮਰਥ ਹੀ ਦਿਖਾਈ ਦਿੰਦਾ ਹੈ, ਜਿਵੇਂ ਕਿ ਸੜਕਾਂ 'ਤੇ ਚੱਲਣ ਵਾਲੇ ਓਵਰਲੋਡ ਵਾਹਨ, ਖਸਤਾ ਹਾਲ ਵਹੀਕਲਾਂ ਦਾ ਚੱਲਣਾਂ ਅਤੇ ਜੁਗਾੜੂ ਸਾਧਨ ਵੀ ਦੁਰਘਟਨਾ ਦਾ ਕਾਰਨ ਬਣ ਜਾਂਦੇ ਹਨ। ਲੋੜ ਹੈ ਖਾਨਾਪੂਰਤੀ ਨੂੰ ਛੱਡ ਕੇ ਨਿਯਮਾਂ ਨੂੰ ਅਮਲ ਰੂਪ ਵਿਚ ਲਾਗੂ ਕਰਨ ਦੀ।