ਚਤਰ ਸਿੰਘ, ਬੁਢਲਾਡਾ : ਦੇਸ਼ ਦੀ 80 ਫ਼ੀਸਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨਾਲ ਸਹਿਮਤ ਹੈ ਜਿਸ ਦੇ ਅਧਾਰ 'ਤੇ ਅਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਵਾਂ ਪੰਜਾਬ ਭਾਜਪਾ ਦੇ ਨਾਲ ਸਰਕਾਰ ਦਾ ਗਠਨ ਕਰਾਂਗੇ। ਇਹ ਸ਼ਬਦ ਐਤਵਾਰ ਨੂੰ ਬੁਢਲਾਡਾ ਵਿਖੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਮੰਢਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੀ ਅਗਵਾਈ ਹੇਠ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ੍ਹ ਕਿਹਾ ਕਿ ਹਰ ਵਿਧਾਨ ਸਭਾ ਖੇਤਰ ਅੰਦਰ 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ 10 ਦਸੰਬਰ ਤੱਕ ਬੂਥ ਕਮੇਟੀਆਂ ਦਾ ਗਠਨ ਕਰ ਦਿੱਤਾ ਜਾਵੇਗਾ ਤਾਂ ਤੇ ਵਰਕਰ ਬੂਥ ਪੱਧਰ 'ਤੇ ਲੜਾਈ ਲਈ ਤਿਆਰ ਰਹੇ ਤਾਂ ਜੋ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ।

ਉਨਾਂ੍ਹ ਕਿਹਾ ਕਿ ਭਾਰਤੀਯ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਮੇਤ ਕਰੋੜਾਂ ਲੋਕਾਂ ਲਈ ਲਾਭ ਪਾਤਰੀ ਸਕੀਮਾਂ ਤਿਆਰ ਕਰਕੇ ਇਸ ਦਾ ਲਾਭ ਦਿਤਾ ਹੈ।

ਉਨਾਂ੍ਹ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਭਾਜਪਾ ਖ਼ਲਿਾਫ਼ ਕੀਤੇ ਕੂੜ ਪ੍ਰਚਾਰ ਦਾ ਉਸ ਸਮੇ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਮੌਕੇ ਇੱਕ ਭਾਈਚਾਰਕ ਦਾ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਕੀਤਾ ਅਤੇ ਕਿਸਾਨਾਂ ਦੀਆਂ ਹੋਰ ਮੁਸ਼ਕਿਲਾ ਦੇ ਹੱਲ ਲਈ ਅੱਗੇ ਆਏ।

ਇਸ ਮੌਕੇ ਵਿਜੇ ਕੁਮਾਰ ਸਿੰਗਲਾ, ਨੀਰਜ ਤਾਇਲ, ਸਤੀਸ਼ ਗੋਇਲ, ਮਾਧੋ ਮੁਰਾਰੀ, ਮੰਗਤ ਦੇਵ, ਰਾਕੇਸ਼ ਜੈਨ, ਰਾਕੇਸ਼ ਖਟਕ, ਪੁਨੀਤ. ਸਿੰਗਲਾ, ਯਸ਼ ਗਰਗ, ਸੁਹਾਗ ਰਾਣੀ, ਸੁਖਵਿੰਦਰ ਸ਼ਰਮਾ, ਪੇ੍ਮ ਬਖਸ਼ੀਵਾਲਾ, ਜਗਜੀਤ ਕਟੋਦੀਆ ਆਦਿ ਹਾਜ਼ਰ ਸਨ। ਦੂਸਰੇ ਪਾਸੇ ਜਦੋਂ ਭਾਜਪਾ ਦੀ ਵਰਕਰ ਮੀਟਿੰਗ ਸਬੰਧੀ ਕਿਸਾਨ ਯੂਨੀਅਨ ਨੂੰ ਪਤਾ ਲੱਗਿਆ ਤਾਂ ਮੀਟਿੰਗ ਵਾਲੀ ਜਗ੍ਹਾ ਤੇ ਮੁੱਖ ਗੇਟ ਅੱਗੇ ਧਰਨਾ ਲਗਾਕੇ ਨਾਅਰੇਬਾਜ਼ੀ ਕੀਤੀ ਗਈ, ਪਰ ਭਾਜਪਾ ਵਰਕਰ ਮੀਟਿੰਗ ਵਾਲੇ ਸਥਾਨ ਤੋਂ ਦੂਸਰੇ ਗੇਟ ਰਾਹੀਂ ਚਲੇ ਗਏ।