ਕੈਬਨਿਟ ਮੰਤਰੀ ਵੱਲੋਂ ਆਪਣੀ ਪਹਿਲੀ ਤਨਖ਼ਾਹ ਗਊਸ਼ਾਲਾ ਨੂੰ ਦਾਨ ਕਰਨ ਦਾ ਕੀਤਾ ਐਲਾਨ

ਹਰਕ੍ਰਿਸ਼ਨ ਸ਼ਰਮਾ, ਮਾਨਸਾ : ਜ਼ਿਲ੍ਹਾ ਮਾਨਸਾ ਪਿੰਡ ਖੋਖਰ ਕਲਾਂ ਵਿਖੇ ਬਣੀ ਸਰਕਾਰੀ ਗਊਸ਼ਾਲਾ ਬੇਸਹਾਰਾ ਗਊਧੰਨ ਲਈ ਵਰਦਾਨ ਸਾਬਿਤ ਹੋ ਰਹੀ ਹੈ, ਜਿੱਥੇ ਜ਼ਿਲ੍ਹੇ ਦੇ ਦੂਰ ਨੇੜੇ ਥਾਂ-ਥਾਂ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਿਜੇ ਸਿੰਗਲਾ ਨੇ ਅੱਜ ਗਊਸ਼ਾਲਾ ਵਿਖੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਵਾਟਰ ਪਾਰਕ ਦਾ ਉਦਘਾਟਨ ਕਰਨ ਵੇਲੇ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਗਊਸ਼ਾਲਾ 'ਚ ਬਣਾਏ ਵਾਟਰ ਪਾਰਕ ਨਾਲ ਜਿੱਥੇ ਆਲੇ ਦੁਆਲੇ ਦੇ ਲੋਕ ਹਰਿਆਲੀ ਦਾ ਨਿੱਘ ਮਾਣਦੇ ਹੋਏ ਪ੍ਰਦੂਸ਼ਣ ਰਹਿਤ ਮਾਹੌਲ ਦਾ ਆਨੰਦ ਮਾਣ ਸਕਣਗੇ, ਉਥੇ ਵਾਟਰ ਪਾਰਕ ਦੇ ਪੂਲ ਤੋਂ ਹੋਣ ਵਾਲੀ ਆਮਦਨ ਨਾਲ ਗਊਧੰਨ ਲਈ ਭਵਿੱਖ ਅੰਦਰ ਹੋਰ ਵਧੀਆ ਸਾਧਨ ਜੁਟਾਉਣ ਲਈ ਉਪਰਾਲੇ ਕੀਤੇ ਜਾਣਗੇ।

ਉਨਾਂ੍ਹ ਕਿਹਾ ਕਿ ਜ਼ਿਲ੍ਹੇ ਅੰਦਰ ਪਹਿਲਾਂ ਕਿਧਰੇ ਅਜਿਹਾ ਵਾਟਰ ਪਾਰਕ ਨਾ ਹੋਣ ਕਾਰਣ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਅੰਦਰ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਬੱਚਿਆ ਲਈ ਵਿਸ਼ੇਸ਼ ਤੌਰ 'ਤੇ ਵਾਟਰ ਪਾਰਕ ਖ਼ਾਸ ਅਹਿਮੀਅਤ ਅਤੇ ਮੰਨੋਰੰਜਨ ਦਾ ਸਾਧਨ ਸਾਬਤ ਹੋਵੇਗਾ।

ਕੈਬਨਿਟ ਮੰਤਰੀ ਨੇ ਵਾਟਰ ਪਾਰਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਊਸ਼ਾਲਾ ਅੰਦਰ ਪਹਿਲਾ ਤੋਂ ਬਣੇ ਪਾਰਕ ਦੀ ਮੁਰੰਮਤ ਕਰਕੇ ਉਸਨੂੰ ਮੁੜ ਨਵੀਂ ਦਿੱਖ ਦੇ ਕੇ ਮਿੰਨੀ ਜੰਗਲ ਦੀ ਤਰਾਂ੍ਹ ਸੰਵਾਰਿਆ ਗਿਆ ਹੈ, ਜਿੱਥੇ ਆਉਣ ਨਾਲ ਲੋਕ ਕਾਫ਼ੀ ਵਧੀਆ ਮਹਿਸੂਸ ਕਰਨਗੇ। ਉਨਾਂ੍ਹ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵਾਟਰ ਪਾਰਕ ਅਤੇ ਪਾਰਕ ਦਾ ਆਨੰਦ ਲਿਆ ਜਾਵੇ। ਉਨਾਂ੍ਹ ਸਕੂਲ ਮੁਖੀਆ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਇਹ ਪਾਰਕ ਜ਼ਰੂਰ ਦਿਖਾਇਆ ਜਾਵੇ। ਉਨਾਂ੍ਹ ਬਤੌਰ ਕੈਬਨਿਟ ਮੰਤਰੀ ਮਿਲਣ ਵਾਲੀ ਆਪਣੀ ਪਹਿਲੀ ਤਨਖ਼ਾਹ ਗਊਸ਼ਾਲਾ ਖੋਖਰ ਕਲਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਰਾਜ ਸਰਕਾਰ ਗਊਧੰਨ ਦੀ ਸੇਵਾ ਲਈ ਹਮੇਸ਼ਾ ਦਿ੍ੜ ਸੰਕਲਪ ਹੈ ਅਤੇ ਬੇਸਹਾਰਾ ਪਸ਼ੂਆ ਦੀ ਸਾਂਭ ਸੰਭਾਲ ਲਈ ਰਾਜ ਸਰਕਾਰ ਵੱਲੋਂ ਹਰ ਲੋੜੀਂਦੀ ਸਹਾਇਤਾ ਕੀਤੀ ਜਾਵੇਗੀ। ਉਨਾਂ ਗਊਧੰਨ ਦੀ ਸੇਵਾ 'ਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਸ਼ੰਸਾ ਦਾ ਪਾਤਰ ਦੱਸਿਆ। ਉਨਾਂ੍ਹ ਕਿਹਾ ਕਿ ਹਰੇਕ ਸਮਾਜ ਸੇਵੀ ਜੱਥੇਬੰਦੀ ਨੂੰ ਗਊਧੰਨ ਦੀ ਸੇਵਾ ਲਈ ਵੱਧ ਚੜ੍ਹ ਦੇ ਹਿੱਸਾ ਪਾਉਣਾ ਚਾਹੀਦਾ ਹੈ।

ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਕਿਹਾ ਕਿ ਗਊਸ਼ਾਲਾ ਅੰਦਰ ਬਣੇ ਵਾਟਰ ਪਾਰਕ ਦੀ ਸੁਚੱਜੀ ਦੇਖ ਰੇਖ ਦਾ ਪੂਰ੍ਹਾ ਖਿਆਲ ਰੱਖਿਆ ਜਾਵੇਗਾ। ਉਨਾਂ੍ਹ ਕਿਹਾ ਕਿ ਗਰਮੀਆਂ ਦੇ ਸ਼ੀਜਨ ਦੌਰਾਨ ਜਿੱਥੇ ਵਾਟਰ ਪਾਰਕ ਬੱਚਿਆ ਲਈ ਖਿੱਚ ਦਾ ਕੇਂਦਰ ਸਾਬਤ ਹੋਵੇਗਾ, ਉਥੇ ਪਾਰਕ ਤੋਂ ਹੋਣ ਵਾਲੀ ਆਮਦਨ ਗਊਧੰਨ ਦੇ ਨੇਕ ਕੰਮ ਅੰਦਰ ਵਰਤੋਂ 'ਚ ਆਵੇਗੀ।

ਇਸ ਮੌਕੇ ਐੱਸਐੱਸਪੀ. ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰਰੀਤ ਕੌਰ ਸੰਧੂ ਸਮੇਤ ਗਊਸਾਲਾ ਕਮੇਟੀ ਦੇ ਵੱਖ ਵੱਖ ਮੈਂਬਰ ਹਾਜ਼ਰ ਸਨ।