ਤਕਰਾਰ ਉਪਰੰਤ ਚੱਲੀ ਗੋਲੀ ’ਚ ਦੋ ਜ਼ਖ਼ਮੀ
ਬਰਨਾਲਾ ਸਿਰਸਾ
Publish Date: Mon, 08 Dec 2025 10:56 PM (IST)
Updated Date: Tue, 09 Dec 2025 04:18 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ ’ਚ ਅਰਵਿੰਦ ਨਗਰ ਨੇੜੇ ਦੋਸਤਾਂ ਦੀ ਆਪਸ ’ਚ ਤਕਰਾਰ ਹੋ ਗਈ। ਇਕ ਲੜਕੇ ਵੱਲੋਂ ਗੋਲੀ ਚਲਾਉਣ ਨਾਲ ਦੋ ਜਣੇ ਜ਼ਖਮੀ ਹੋ ਗਏ। ਉਧਰ ਇਸ ਮਾਮਲੇ ’ਚ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਮਿਊਜ਼ਿਕ ਦੀ ਪੜ੍ਹਾਈ ਕਰਦਾ ਸੀ ਤਾਂ ਹੋਰ ਦੋਸਤਾਂ ਨਾਲ ਰਹਿੰਦਾ ਸੀ। ਪਰ ਉਨ੍ਹਾਂ ਵਿੱਚੋਂ ਫ਼ਿਰ ਇਕ ਦੋਸਤ ਕੈਨੇਡਾ ਚਲਿਆ ਗਿਆ ਸੀ। ਉਸ ਨਾਲ ਤਕਰਾਰ ਵੀ ਹੋ ਗਈ ਸੀ। ਪਰ ਜਦ ਉਹ ਹੁਣ ਕੈਨੇਡਾ ਤੋਂ ਮਾਨਸਾ ਆਇਆ ਹੋਇਆ ਸੀ ਤਾਂ ਅੱਜ ਉਸ ਨੇ ਉਸ ਨੂੰ ਬੁਲਾਇਆ ਸੀ। ਮੁਦੱਈ ਹਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਸੋਚਿਆ ਕਿ ਚੱਲ ਮਿਲ ਲਵਾਂਗੇ ਤੇ ਅਸੀਂ ਚਾਰ ਦੋਸਤ ਤੁਰਦੇ ਹੋਏ ਅਰਵਿੰਦ ਨਗਰ ਕੋਲ ਚਲੇ ਗਏ। ਉਥੇ ਹੀ ਕੈਨੇਡਾ ਵਾਲਾ ਦੋਸਤ ਵੀ ਹੋਰ ਤਿੰਨ ਜਣਿਆਂ ਨਾਲ ਆਇਆ। ਇੱਕ ਨੇ ਪਹਿਲਾਂ ਹਵਾਈ ਫਾਇਰ ਚਲਾਇਆ ਅਤੇ ਫ਼ਿਰ ਉਨ੍ਹਾਂ ਵੱਲ ਗੋਲੀ ਚਲਾ ਦਿੱਤੀ। ਹਰਦੀਪ ਸਿੰਘ ਨੇ ਦੱਸਿਆ ਕਿ ਇਸ ਨਾਲ ਉਹ ਤੇ ਉਸਦਾ ਦੋਸਤ ਸੰਦੀਪ ਸਿੰਘ ਜ਼ਖਮੀ ਹੋ ਗਿਆ। ਉਸ ਨ੍ਹਾਂ ਦੋਨਾਂ ਨੂੰ ਫ਼ਿਰ ਹਸਪਤਾਲ ਪਹੁੰਚਾਇਆ। ਉਧਰ ਇਸ ਮਾਮਲੇ ’ਚ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਬੂਟਾ ਸਿੰਘ ਗਿੱਲ ਅਨੁਸਾਰ ਇਸ ਮਾਮਲੇ ’ਚ ਜਾਂਚ ਚੱਲ ਰਹੀ ਹੈ।