<

p> ਚਤਰ ਸਿੰਘ, ਬੁਢਲਾਡਾ : ਪਿੰਡ ਆਲਮਪੁਰ ਮੰਦਰਾਂ ਵਿਖੇ ਬੇਗਮਪੁਰਾ ਵੈਲਫੇਅਰ ਸੁਸਾਇਟੀ (ਰਜਿ:) ਦੇ ਸਹਿਯੋਗ ਨਾਲ ਨਸ਼ਿਆਂ ਤੇ ਹੋਰਨਾਂ ਸਮਾਜਿਕ ਬੁਰਾਈਆਂ ਦੇ ਖਾਤਮੇ ਤੇ ਮੌਸਮੀ ਬਿਮਾਰੀ ਸਬੰਧੀ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਸੁਸਾਇਟੀ ਦੇ ਪ੍ਰਧਾਨ ਤੇ ਕੋਆਰਡੀਨੇਟਰ ਤਰਸੇਮ ਸਿੰਘ ਜਨਾਗਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਹੀ ਜ਼ਿਆਦਾ ਮਾਨਸਿਕ ਰੋਗੀ ਹੁੰਦੇ ਹਨ। ਚੰਗੀ ਸਿਹਤ ਨਾਲ ਹੀ ਜ਼ਿੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ । ਬਚਪਨ ਦੀਆਂ ਕੀਤੀਆਂ ਗਲ਼ਤੀਆਂ ਇਨਸਾਨ ਦੀ ਜ਼ਿੰਦਗੀ ਤਬਾਹ ਕਰ ਦਿੰਦੀਆਂ ਹਨ। ਨਸ਼ੇ ਦੇ ਲਗਾਤਾਰ ਸੇਵਨ ਕਰਨ ਨਾਲ ਅੌਰਤਾਂ 'ਚ ਬਾਂਝਪਣ ਦੀ ਬਿਮਾਰੀ ਆ ਜਾਂਦੀ ਹੈ ਤੇ ਮਰਦ ਨਪੁੰਸਕ ਹੋ ਜਾਂਦੇ ਹਨ, ਜਿਸ ਕਾਰਨ ਵਸਦੇ ਹੋਏ ਘਰ ਤਬਾਹ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲਿਆਂ ਨੂੰ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਨੂੰ ਸਮਝਾਉਣ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ,ਪਿੰਡਾਂ ਦੀਆਂ ਕਲੱਬਾਂ ਤੇ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਸਮਝਾ ਕੇ ਨੇੜੇ ਪੁਨਰਵਾਸ ਕੇਂਦਰਾਂ 'ਚ ਲਿਆ ਕੇ ਨਸ਼ਾ ਮੁਕਤ ਕਰਨ ਦਾ ਹੰਭਲਾ ਮਾਰਿਆ ਜਾਵੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ.ਰਾਮ ਕਮਾਰ ਸ਼ਰਮਾ ਆਰਬੀਐੱਸਕੇ ਬੁਢਲਾਡਾ ਨੇ ਵਿਦਿਆਰਥੀਆਂ ਨੂੰ ਅਨੀਮੀਆ (ਖ਼ੂਨ ਦੀ ਘਾਟ) ਦੇ ਕਾਰਨ,ਲੱਛਣ ਤੇ ਇਸ ਤੋਂ ਬਚਾਅ ਲਈ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਚੰਗੀ ਸਿਹਤ ਵਾਲਾ ਵਿਦਿਆਰਥੀ ਹਰ ਕੰਮ 'ਚ ਅੱਗੇ ਵਧਦਾ ਹੈ । ਬਾਜ਼ਾਰੂ ਵਸਤਾਂ, ਕੁਰਕੁਰੇ ਤੇ ਜੰਕਫੂਡ ਸਿਹਤ ਦੇ ਦੁਸ਼ਮਣ ਹਨ। ਮੌਸਮੀ ਸਬਜ਼ੀਆਂ, ਹਰੀਆਂ ਤੇ ਪੱਤੇਦਾਰ ਸਬਜ਼ੀਆਂ, ਫ਼ਲ, ਦੁੱਧ, ਦਹੀਂ, ਲੱਸੀ ਜਿਹਾ ਸ਼ਾਕਾਹਾਰੀ ਭੋਜਨ ਪੌਸ਼ਟਿਕ ਸਿਹਤ ਦਾ ਖ਼ਜ਼ਾਨਾ ਹਨ। ਇਸ ਮੌਕੇ ਡਾ. ਸੰਤੋਸ਼ ਭਾਰਤੀ ਐਪੀਡੀਮਾਲੋਜਿਸਟ ਮਾਨਸਾ ਨੇ ਕਾਲਾ ਪੀਲੀਆ ਤੇ ਸਵਾਈਨ ਫਲੂ ਦੇ ਕਾਰਨ,ਲੱਛਣ ਤੇ ਬਚਾਅ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲੇ ਪੀਲੀਏ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਦੀ ਜ਼ਰੂਰਤ ਹੈ। ਬਿਨਾਂ ਉਬਾਲੀਆਂ ਸਰਿੰਜਾਂ, ਖ਼ੂਨ ਦੇ ਆਦਾਨ- ਪ੍ਰਦਾਨ, ਗਲ਼ਤ ਖ਼ੂਨ ਚੜ੍ਹਨ ਆਦਿ ਕਾਰਨ ਕਾਲਾ ਪੀਲੀਆ ਹੋ ਜਾਂਦਾ ਹੈ। ਕਾਲੇ ਪੀਲੀਏ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਹੁੰਦਾ ਹੈ । ਇਸ ਮੌਕੇ ਦਰਸ਼ਨ ਸਿੰਘ ਭੰਮੇ ਏਐੱਮਓ ਮਾਨਸਾ ਨੇ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ, ਪ੍ਰਦੂਸ਼ਣ ਦੇ ਨੁਕਸਾਨ ਤੇ ਪਾਣੀ ਦੀ ਬੱਚਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਡੇਂਗੂ ਤੇ ਮਲੇਰੀਆ ਭਿਆਨਕ ਕਿਸਮ ਦਾ ਬੁਖ਼ਾਰ ਹੈ , ਜੋ ਵਾਰ- ਵਾਰ ਹੁੰਦਾ ਹੈ , ਜਿਸ ਨਾਲ ਸਰੀਰ 'ਚ ਪਲੇਟਲੈੱਟਸ ਸੈੱਲਾਂ ਦੀ ਘਾਟ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਸੈਂਟਰਾਂ ਖਿਆਲਾ,ਸਰਦੂਲਗੜ੍ਹ ਤੇ ਬੁਢਲਾਡਾ 'ਚ 246 ਮਲੇਰੀਆ ਪੀੜਤ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੈਮੀਨਾਰ ਦਾ ਮੰਚ ਸੰਚਾਲਨ ਮਾ .ਲਾਲ ਸਿੰਘ ਨੇ ਕੀਤਾ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਕੋਆਰਡੀਨੇਟਰ- ਕਮ ਪ੍ਰਧਾਨ ਤਰਸੇਮ ਸਿੰਘ ਜਨਾਗਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਤੇ ਸਕੂਲ ਸਟਾਫ ਵੱਲੋਂ ਸਿਹਤ ਵਿਭਾਗ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਨਿਰਮਲ ਕੌਰ, ਸੀਨੀਅਰ ਅਧਿਆਪਕ ਪਰਮਜੀਤ ਸਿੰਘ , ਮਾ:ਗੁਰਦੀਪ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਰਜਿੰਦਰ ਕੌਰ, ਸੰਦੀਪ ਕੌਰ, ਪੂਜਾ ਕੌਰ, ਮਾ. ਜਸਵਿੰਦਰ ਸਿੰਘ, ਜਗਸੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਵਿਦਿਆਰਥੀ ਹਾਜ਼ਰ ਸਨ।