ਜਸਪਾਲ ਸਿੰਘ ਜੱਸੀ, ਬੋਹਾ : ਮਗਨਰੇਗਾ ਮੁਲਾਜਮਾਂ ਦੀ ਕਲਮਛੋੜ ਹੜਤਾਲ ਦੇ ਚੱਲਦਿਆਂ ਜਿੱਥੇ ਕਰਮਚਾਰੀ 'ਟੀਟ' ਦੁਪਿਹਰੇ ਆਪਣੇ ਪਿੰਡਿਆਂ ਉੱਪਰ ਹੰਢਾਉਦੇ ਹੋਏ ਸਰਕਾਰ ਵਿਰੁੱਧ ਡਟ ਚੁੱਕੇ ਹਨ, ਉੱਥੇ ਹੜਤਾਲ ਦੇ ਚੱਲਦਿਆਂ ਮਗਨਰੇਗਾ ਕਾਮਿਆਂ ਦੇ ਹੱਥ ਵੀ ਰੁਜ਼ਗਾਰ ਤੋਂ ਸੱਖਣੇ ਹੋ ਗਏ ਹਨ। ਸਕੀਮ ਅਧੀਨ ਜ਼ਿਲ੍ਹੇ ਅੰਦਰ ਚਲਦੇ ਵਿਕਾਸ ਕੰਮ ਮੁਲਾਜਮਾਂ ਦੇ ਹੜਤਾਲ ਉੱਪਰ ਜਾਣ ਸਦਕਾ ਠੱਪ ਹੋ ਕੇ ਰਹਿ ਗਏ ਹਨ, ਜੋ ਜਿੱਥੇ ਪੰਜਾਬ ਸਰਕਾਰ ਦਾ ਮੂੰਹ 'ਚਿੜ੍ਹਾ' ਰਹੇ ਹਨ, ਉਥੇ ਮੁਲਜ਼ਮਾਂ ਵੱਲੋਂ ਪਰਚਾਰੀਆਂ ਜਾਂਦੀਆਂ ਕਾਂਗਰਸ ਸਰਕਾਰ ਦੀਆਂ 'ਮਾਰੂ' ਨੀਤੀਆਂ ਦੇ ਚੱਲਦਿਆਂ ਮਜਦੂਰ ਵਿਹੜਿਆਂ 'ਚ ਵੀ ਸਰਕਾਰ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਰੁਜ਼ਗਾਰ ਤੋਂ ਸੱਖਣੇ ਹੱਥਾਂ ਵਾਲੇ ਮਗਨਰੇਗਾ ਮਜ਼ਦੂਰਾਂ ਦੀਆਂ ਅੱਖਾਂ 'ਚ ਸਰਕਾਰ ਪ੍ਰਤੀ ਝਲਕ ਰਿਹਾ ਰੋਸ ਆਉਂਦੇ ਦਿਨਾਂ 'ਚ ਸੜਕਾਂ ਉੱਪਰ ਉੱਤਰਨ ਦੇ ਕਿਆਸੇ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ 1 ਲੱਖ 74 ਹਜਾਰ 514 ਜਾਬ ਕਾਰਡਾਂ 'ਚ 27 ਲੱਖ 46 ਹਜਾਰ, 113 ਹਜਾਰ ਵਿਅਕਤੀ ਦਰਜ ਹਨ, ਜਿਨ੍ਹਾਂ 'ਚੋਂ 19 ਲੱਖ 38 ਹਜਾਰ 978 ਵਿਅਕਤੀ ਅਨੁਸੂਚਿਤ ਜਾਤੀਆਂ ਤੇ 1085 ਵਿਅਕਤੀ ਜਨ ਜਾਤੀਆਂ ਨਾਲ ਸਬੰਧਿਤ ਹਨ। ਪੰਜਾਬ ਅੰਦਰ 12 ਲੱਖ 48 ਹਜਾਰ 277 ਅੌਰਤਾਂ ਮਗਨਰੇਗਾ ਤਹਿਤ ਰਜਿਸਟਡ ਹਨ, ਜੇਕਰ ਗੱਲ ਮਾਨਸਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇੱਥੇ 73 ਹਜਾਰ 170 ਜਾਬ ਕਾਰਡਾਂ 'ਚ 1 ਲੱਖ 28 ਹਜਾਰ 511 ਵਿਅਕਤੀ ਰਜਿਸਟਡ ਹਨ, ਜਿਨ੍ਹਾਂ ਵਿਚ 9290 ਪਰਿਵਾਰ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹਨ। ਮਾਨਸਾ ਜ਼ਿਲ੍ਹੇ ਅੰਦਰ ਮਗਨਰੇਗਾ 'ਚ ਕੰਮ ਕਰਨ ਵਾਲੇ ਮਜਦੂਰਾਂ 56 ਹਜਾਰ 223 ਅੌਰਤਾਂ ਸ਼ਾਮਲ ਹਨ। ਮਗਨਰੇਗਾ ਕਰਮਚਾਰੀਆਂ ਦੇ ਕਲਮਛੋੜ ਹੜਤਾਲ ਉੱਪਰ ਜਾਣ ਕਾਰਨ ਜ਼ਿਲ੍ਹੇ ਅੰਦਰ ਮਗਨਰੇਗਾ ਤਹਿਤ ਚੱਲ ਕੇ 1 ਹਜ਼ਾਰ 777 ਵਿਕਾਸ ਕੰਮ ਠੱਪ ਹੋ ਕੇ ਰਹਿ ਗਏ ਹਨ, ਜਿਨ੍ਹਾਂ ਵਿਚ ਭੂਮੀ ਸੁਧਾਰ, ਛੱਪੜਾਂ ਦੀ ਪੁਟਾਈ, ਖਾਲਾਂ ਚੋਂ ਰੇਗ ਕੱਢਣ, ਗਲੀਆਂ ਨਾਲੀਆਂ, ਸਕੂਲਾਂ ਦੀਆਂ ਚਾਰ ਦਿਵਾਰੀਆਂ, ਆਂਗਨਵਾੜੀ ਸੈਟਰਾਂ ਦੀਆਂ ਚਾਰ ਦਿਵਾਰੀਆਂ, ਸਕੂਲਾਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਬਣਾਏ ਜਾ ਰਹੇ ਪਾਰਕਾਂ ਦੇ ਕੰਮਾਂ ਦੇ ਨਾਲ-ਨਾਲ ਜ਼ਿਲ੍ਹੇ ਅੰਦਰ ਚ 449 ਵਿਅਕਤੀਗਤ ਕੰਮ ਵੀ ਸ਼ਾਮਲ ਹਨ। ੳਧਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਲਮਛੋੜ ਹੜਤਾਲ ਕਰਕੇ ਸੰਘਰਸ਼ ਦੇ ਰਾਹ ਪਏ ਮਗਨਰੇਗਾ ਮੁਲਾਜਮਾਂ ਦੇ ਸੰਘਰਸ਼ ਨੂੰ ਦਰੁਸਤ ਗਰਦਾਨਦਿਆਂ ਸੂਬੇ ਦੀਆਂ ਮਜਦੂਰ, ਕਿਸਾਨ ਤੇ ਮੁਲਾਜਮ ਜਥੇਬੰਦੀਆਂ ਨੇ ਸੰਘਰਸ਼ ਦਾ ਸਮੱਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਮਜ਼ਦੂਰ ਮੁਕਤੀ ਮੋਚਰਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਕੇ ਲਾਗੂ ਕਰਨ ਦੀ ਬਜਾਏ ਡੰਡੇ ਅਤੇ ਅਫਸਰਸ਼ਾਹੀ ਦੇ ਬਲ 'ਤੇ ਮਗਨਰੇਗਾ ਮੁਲਾਜਮਾਂ ਦਾ ਅੰਦੋਲਨ ਤਾਰੋ-ਪੀੜੋ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਮਗਨਰੇਗਾ ਮੁਲਾਜ਼ਮਾਂ ਦੇ ਏਸ ਹੱਕੀ ਸੰਘਰਸ਼ ਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੁਲਾਜਮਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ ਆਪਣੇ ਸੈਂਕੜੇ ਸਾਥੀਆਂ ਸਮੇਤ ਸੰਘਰਸ਼ ਦੇ ਮੈਦਾਨ 'ਚ ਕੁੱਦਣਗੇ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਜਸਕਰਨ ਸਿੰਘ ਸ਼ੇਰ ਖਾਂ ਵਾਲਾ ਨੇ ਕਿਹਾ ਕਿ ਸਰਕਾਰ ਨੇ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਚੋਣ ਮਨੋਰਥ ਪੱਤਰ ਚ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਤੋਂ ਵੀ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗੂਣੀਆਂ ਜਿਹੀਆਂ ਤਨਖਾਹਾਂ ਤੇ ਕੰਮ ਕਰਦੇ ਮੁਲਾਜਮਾਂ ਉੱਪਰ ਬਰਾਬਰ ਕੰਮ-ਬਰਾਬਰ ਤਨਖਾਹ ਦਾ ਨੁਕਤਾ ਲਾਗੂ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਨਰੇਗਾ ਮੁਲਾਜਮਾਂ ਦੀਆਂ ਮੰਗਾਂ ਬਾਰੇ ਆਪਣੀ ਸੁਹਿਰਦਤਾ ਨਾ ਦਿਖਾਈ ਤਾਂ ਆਉਂਦੇ ਦਿਨਾਂ 'ਚ ਉਹ ਆਪਣੀ ਜਥੇਬੰਦੀ ਨੂੰ ਲੈਕੇ ਮੁਲਾਜਮਾਂ ਦਾ ਸਾਥ ਦੇਣਗੇ।