ਜਗਤਾਰ ਸਿੰਘ ਧੰਜਲ, ਮਾਨਸਾ : ਚੌਕਸੀ ਵਿਭਾਗ ਮਾਨਸਾ ਨੇ ਪਾਵਰਕਾਮ ਦੇ ਸਹਾਇਕ ਲਾਇਨਮੈਨ ਨੂੰ ਵਰਕਸ਼ਾਪ ਦੇ ਮਾਲਕ ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚਿਆ ਹੈ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਚੌਕਸੀ ਵਿਭਾਗ 1 ਥਾਣਾ ਮੁਖੀ, ਇਕ ਮਹਿਲਾ ਪਟਵਾਰੀ ਅਤੇ ਉਸ ਦੇ ਸਹਾਇਕ ਨੂੰ ਰਿਸ਼ਵਤ ਮਾਮਲੇ ਵਿਚ ਕਾਬੂ ਕਰ ਚੁੱਕਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਡੀਐੱਸਪੀ ਚੌਕਸੀ ਵਿਭਾਗ ਮਾਨਸਾ ਕੁਲਵੰਤ ਸਿੰਘ ਦੀ ਅਗਵਾਈ ਵਿਚ ਟੀਮ ਨੇ ਪਾਵਰਕਾਮ ਮਾਨਸਾ ਵਿਖੇ ਤਾਇਨਾਤ ਸਹਾਇਕ ਲਾਇਨਮੈਨ ਜਗਸੀਰ ਸਿੰਘ ਨੂੰ ਜੇਸੀਬੀ ਰਿਪੇਅਰ ਵਰਕਸ ਦੇ ਮਾਲਕ ਗੁਰਪ੍ਰੀਤ ਸਿੰਘ ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਿਆ ਹੈ। ਵਿਭਾਗ ਨੇ ਉਸ ਤੋਂ ਰਿਸ਼ਵਤ ਦੇ ਲਏ ਪੈਸੇ ਵੀ ਬਰਾਮਦ ਕਰ ਲਏ ਹਨ। ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਨੇ ਆਪਣੀ ਵਰਕਸ਼ਾਪ ਵਿਚ ਲੋਡ ਤੋਂ ਇਲਾਵਾ ਟਰਾਂਸਫਾਰਮਰ ਲਗਵਾਇਆ ਸੀ, ਇਸ ਲਈ ਉਸ ਤੋਂ 22 ਹਜ਼ਾਰ ਰੁਪਏ ਮੰਗੇ ਗਏ ਸਨ ਪਰ ਗੱਲਬਾਤ 15 ਹਜ਼ਾਰ ਵਿੱਚ ਤੈਅ ਹੋ ਗਈ ਸੀ।

ਗੁਰਪ੍ਰੀਤ ਸਿੰਘ ਨੇ ਇਸ ਦੀ ਬਣਦੀ ਸਰਕਾਰੀ ਫੀਸ ਵਿਭਾਗ ਨੂੰ ਅਦਾ ਕਰ ਦਿੱਤੀ ਪਰ ਇਹ ਸਾਰਾ ਕੰਮ ਹੋਣ ਦੇ ਬਾਅਦ ਸਹਾਇਕ ਲਾਇਨਮੈਨ ਜਗਸੀਰ ਸਿੰਘ ਵਰਕਸ਼ਾਪ ਮਾਲਕ ਗੁਰਪ੍ਰੀਤ ਸਿੰਘ ਤੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਜੇਕਰ ਉਸ ਨੇ ਇਹ ਪੈਸੇ ਨਾ ਦਿੱਤੇ ਤਾਂ ਉਹ ਟਰਾਂਸਫਾਰਮਰ ਪੁੱਟ ਕੇ ਲੈ ਕੇ ਜਾਵੇਗਾ। ਵਰਕਸ਼ਾਪ ਮਾਲਕ ਨੇ ਇਸ ਦੀ ਸ਼ਿਕਾਇਤ ਚੌਕਸੀ ਵਿਭਾਗ ਨੂੰ ਕੀਤੀ, ਜਿਸ ਦੀ ਟੀਮ ਨੇ ਸਹਾਇਕ ਲਾਇਨਮੈਨ ਜਗਸੀਰ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਬੂ ਕੀਤਾ ਹੈ। ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Posted By: Jagjit Singh