ਜਗਤਾਰ ਸਿੰਘ ਧੰਜਲ, ਮਾਨਸਾ : ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਨਗਰ ਕੌਂਸਲ ਦੀ ਚੱਲ ਰਹੀ ਮੀਟਿੰਗ 'ਚ ਇਕ ਕੌਂਸਲਰ ਨੂੰ ਬੁਲਾ ਕੇ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਖਿੱਚ ਧੂਹ ਵਿਚ ਕੌਂਸਲਰ ਦੇ ਕੁੱਝ ਸੱਟਾਂ ਵੀ ਲੱਗੀਆਂ। ਇਸ ਸਬੰਧੀ ਕੌਂਸਲਰ ਨੇ ਥਾਣਾ ਸਿਟੀ-1 ਵਿਖੇ ਸ਼ਿਕਾਇਤ ਕਰਕੇ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਨਗਰ ਕੌਂਸਲ ਮਾਨਸਾ ਦਫਤਰ ਵਿਖੇ ਕੌਂਸਲਰਾਂ ਦੀ ਸ਼ਹਿਰ ਦੇ ਵਿਕਾਸ ਕੰਮਾਂ ਆਦਿ ਨੂੰ ਲੈ ਕੇ ਕੋਈ ਮੀਟਿੰਗ ਚੱਲ ਰਹੀ ਸੀ ਕਿ ਇਸ ਦੌਰਾਨ ਕੌਂਸਲਰ ਪ੍ਰਵੀਨ ਗਰਗ ਟੋਨੀ ਨੂੰ ਕੁੱਝ ਵਿਅਕਤੀ ਚੱਲਦੀ ਮੀਟਿੰਗ 'ਚੋਂ ਬੁਲਾ ਕੇ ਗੱਲ ਕਰਨ ਦੇ ਬਹਾਨੇ ਹੇਠਾਂ ਲੈ ਗਏ। ਜਿੱਥੇ ਉਨਾਂ੍ਹ ਨੇ ਉਸ ਨਾਲ ਧੱਕਾਮੁੱਕੀ ਕੀਤੀ, ਇਸੇ ਦੌਰਾਨ ਹੀ ਪਹਿਲਾਂ ਤੋਂ ਹੇਠਾਂ ਬੈਠੇ ਹਥਿਆਰਬੰਦ ਵਿਅਕਤੀ ਵੀ ਉਥੇ ਆ ਗਏ ਅਤੇ ਉਸ ਨੂੰ ਧਮਕਾਉਣ ਲੱਗੇ। ਟੋਨੀ ਨੇ ਦੱਸਿਆ ਕਿ ਹਮਲਾਵਰ ਵਿਅਕਤੀਆਂ ਨੇ ਕਿਹਾ ਕਿ ਉਹ ਉਨਾਂ੍ਹ ਦੇ ਮਤਿਆਂ ਨੂੰ ਪਾਸ ਕਰਵਾਉਣ ਵਿਚ ਅੜਿੱਕਾ ਬਣ ਰਿਹਾ ਹੈ। ਜਿਸ ਦਾ ਉਸ ਨੇ ਮੌਕੇ 'ਤੇ ਵਿਰੋਧ ਕੀਤਾ। ਉਸ ਨੇ ਦੱਸਿਆ ਕਿ ਉਨਾਂ੍ਹ ਵਿਅਕਤੀਆਂ ਨੇ ਉਸ ਨੂੰ ਹਥਿਆਰ ਦਿਖਾਏ ਅਤੇ ਕਿਹ ਕਿ ਜੇਕਰ ਉਹ ਬਾਜ ਨਾ ਆਏ ਤਾਂ ਉਸ ਨੂੰ ਸਬਕ ਸਿਖਾ ਦਿੱਤਾ ਜਾਵੇਗਾ। ਕੌਂਸਲਰ ਨੇ ਇਤਰਾਜ ਪ੍ਰਗਟਾਇਆ ਕਿ ਇਸ ਤਰਾਂ੍ਹ ਕੌਂਸਲ ਦੀ ਚੱਲਦੀ ਮੀਟਿੰਗ ਵਿਚ ਕੁੱਝ ਬਾਹਰਲੇ ਵਿਅਕਤੀ ਆਮ ਹੀ ਆ ਜਾਂਦੇ ਹਨ, ਜੋ ਕਿਸੇ ਵੀ ਤਰੀਕੇ ਨਾਲ ਪ੍ਰਮਾਣਿਤ ਨਹੀਂ ਹੈ, ਪਰ ਉਨਾਂ੍ਹ ਵਿਅਕਤੀਆਂ ਨੂੰ ਰੋਕਿਆ ਨਹੀਂ ਜਾਂਦਾ। ਅੱਜ ਦੀ ਘਟਨਾ ਵਿਚ ਵੀ ਅਜਿਹਾ ਵੀ ਵਾਪਰਿਆ। ਟੋਨੀ ਨੇ ਕਿਹਾ ਕਿ ਕੁੱਝ ਵਿਅਕਤੀ ਲੰਮੇਂ ਸਮੇਂ ਤੋਂ ਉਨਾਂ੍ਹ ਦਾ ਇਸ ਕਰ ਕੇ ਵਿਰੋਧ ਕਰਦੇ ਆ ਰਹੇ ਹਨ ਕਿ ਉਹ ਨਗਰ ਕੌਂਸਲ ਦੀਆਂ ਮੀਟਿੰਗਾਂ ਵਿਚ ਉਨਾਂ੍ਹ ਵੱਲੋਂ ਆਪ ਮਤੇ ਦੇ ਤੌਰ 'ਤੇ ਪਾਏ ਗਏ ਮਤਿਆਂ ਨੂੰ ਪ੍ਰਵਾਨ ਨਹੀਂ ਕਰਦੇ ਤੇ ਉਸ ਦਾ ਸਿੱਧਾ ਵਿਰੋਧ ਕਰਦੇ ਹਨ, ਜਦਕਿ ਕੁੱਝ ਵਿਅਕਤੀਆਂ ਦੀ ਮਨਸ਼ਾ ਹੁੰਦੀ ਹੈ ਕਿ ਉਹ ਜਿਹੜੇ ਵੀ ਮਤੇ ਪਾਉਣ, ਉਸ ਦੇ ਸਾਰੇ ਕੌਂਸਲਰ ਇਕਜੁੱਟ ਹੋਣ। ਉਨਾਂ੍ਹ ਕਿਹਾ ਕਿ ਜਦ ਉਹ ਇਸ ਦਾ ਵਿਰੋਧ ਕਰਦੇ ਹਨ ਤਾਂ ਇਸੇ ਸਾਜਿਸ਼ ਤਹਿਤ ਉਨਾਂ੍ਹ ਨੂੰ ਮੀਟਿੰਗ 'ਚੋਂ ਬਾਹਰ ਬੁਲਾ ਕੇ ਉਨਾਂ੍ਹ ਤੇ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਕੌਂਸਲਰਾਂ ਦੀ ਹਾਜ਼ਰੀ ਵਿਚ ਉਨਾਂ੍ਹ ਨੇ ਥਾਣਾ ਸਿਟੀ-1 ਵਿਖੇ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰ ਕੇ ਹਥਿਆਰ ਲੈ ਕੇ ਆਉਣ ਵਾਲੇ ਵਿਅਕਤੀਆਂ ਅਤੇ ਮੀਟਿੰਗ ਵਿਚ ਬੁਲਾ ਕੇ ਲੈ ਜਾਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਦੂਜੇ ਪਾਸੇ ਥਾਣਾ ਸਿਟੀ-1 ਦੇ ਮੁਖੀ ਜਗਦੀਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨਾਂ੍ਹ ਕੋਲ ਇਸ ਸਬੰਧੀ ਇਕ ਸ਼ਿਕਾਇਤ ਆਈ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਸ 'ਤੇ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।