ਹਰਕ੍ਰਿਸ਼ਨ ਸ਼ਰਮਾ, ਮਾਨਸਾ : ਪਿੰਡ ਫ਼ਤਿਹਪੁਰ 'ਚ ਘਰੇਲੂ ਕਲੇਸ਼ ਤੋਂ ਬਾਅਦ ਪਤਨੀ ਨੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ। ਇਸੇ ਦੌਰਾਨ ਜਦੋਂ ਪਤੀ ਨੂੰ ਪਤਾ ਲੱਗਾ ਤਾਂ ਉਸ ਨੇ ਪਤਨੀ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ। ਉਹ ਪਤਨੀ ਨੂੰ ਤਾਂ ਬਚਾਅ ਨਾ ਸਕਿਆ ਤੇ ਖੁਦ ਵੀ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਸਥਾਨਕ ਲੋਕਾਂ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਫ਼ਤਿਹਪੁਰ ਦੀ ਕਿਰਨ ਕੌਰ (28) ਪਤਨੀ ਸੁਖਵਿੰਦਰ ਸਿੰਘ (30) ਮਜ਼੍ਹਬੀ ਸਿੱਖ ਨੇ ਘਰ 'ਚ ਮਾਮੂਲੀ ਝਗੜਾ ਹੋਣ ਤੋਂ ਬਾਅਦ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਪਤਨੀ ਨੂੰ ਬਚਾਉਣ ਲਈ ਸੁਖਵਿੰਦਰ ਸਿੰਘ ਵੀ ਭਾਖੜਾ ਨਹਿਰ 'ਚ ਕੁੱਦ ਪਿਆ ਪਰ ਪਤਨੀ ਨੂੰ ਕੱਢਦਾ ਹੋਇਆ ਪਤਨੀ ਦੇ ਨਾਲ ਹੀ ਉਹ ਵੀ ਪਾਣੀ ਵਿਚ ਡੁੱਬ ਗਿਆ। ਸਮੂਹ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੇ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੇਰ ਸ਼ਾਮ ਤਕ ਦੋਵਾਂ 'ਚੋਂ ਕਿਸੇ ਨੂੰ ਵੀ ਲੱਭਿਆ ਨਾ ਜਾ ਸਕਿਆ।