ਪੱਤਰ ਪੇਰਕ, ਬੁਢਲਾਡਾ : ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਖੇ ਲੋਕਾਂ ਦੇ ਘਰਾਂ ਵਿੱਚ ਜਾ ਕੇ, ਸਰਕਾਰੀ ਦਫ਼ਤਰਾਂ ਅਤੇ ਜਨਤਕ ਥਾਵਾਂ ਤੇ ਮੱਛਰਾਂ ਦੇ ਪਨਪਣ ਵਾਲੀਆਂ ਥਾਵਾਂ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਜਿਟ ਕਰ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੰਜੀਵ ਕੁਮਾਰ ਨੇ ਦੱਸਿਆ ਕਿ ਬਾਰਸਾਂ ਦੇ ਸ਼ੁਰੂ ਹੋਣ ''ਤੇ ਮੱਛਰਾਂ ਦੀ ਪੈਦਾਇਸ਼ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਮਲੇਰੀਆ, ਡੇਂਗੂ ਆਦਿ ਬੁਖਾਰਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ। ਉਨਾਂ੍ਹ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿੱਥੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ, ਜਿਵੇਂ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਬੁਖਾਰ ਤੋਂ ਬਚਣ ਲਈ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣਾ ਬਹੁਤ ਜਰੂਰੀ ਹੈ। ਸਿਹਤ ਕਰਮਚਾਰੀ ਮੰਗਲ ਸਿੰਘ ਤੇ ਹਰਕੇਸ਼ ਸਿੰਘ ਨੇ ਦੱਸਿਆ ਕਿ ਮਲੇਰੀਆ ਤੋਂ ਪੀੜਤ ਹੋਣ ਦੇ ਮੁੱਖ ਲੱਛਣ ਵਿਅਕਤੀ ਨੂੰ ਤੇਜ਼ ਬੁਖਾਰ ਹੋਣਾ, ਕਾਂਬਾ ਲੱਗਣਾ, ਪਸੀਨਾ ਆਉਣਾ, ਤੇਜ਼ ਸਿਰਦਰਦ, ਥਕਾਵਟ ਮਹਿਸੂਸ ਕਰਨਾ ਤੇ ਉਲਟੀ ਆਉਣਾ ਆਦਿ ਹਨ। ਜੇਕਰ ਕਿਸੇ ਵਿਅਕਤੀ ਨੂੰ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਸਰਕਾਰੀ ਹਸਪਤਾਲ ''ਚ ਪਹੁੰਚ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦੀ ਜਾਂਚ ''ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਡਰਾਈ ਡੇ ਫਰਾਈ ਡੇ ਤਹਿਤ ਹਰੇਕ ਸ਼ੁੱਕਰਵਾਰ ਨੂੰ ਫਰਿੱਜ ਤੇ ਕੂਲਰਾਂ ਦਾ ਪਾਣੀ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬ੍ਰੀਡਿੰਗ ਚੈਕਰ ਜੀਵਨ ਕੁਮਾਰ ਅਤੇ ਹਰਜਿੰਦਰ ਸਿੰਘ ਨੇ ਘਰ-ਘਰ, ਸਰਕਾਰੀ ਦਫ਼ਤਰਾਂ, ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਆਦਿ ਵਿਖੇ ਕੂਲਰ, ਫਰਿੱਜ, ਗਮਲੇ, ਪਾਣੀ ਵਾਲੇ ਬਰਤਨਾਂ ਨੂੰ ਚੈੱਕ ਕੀਤਾ ਕੁਝ ਥਾਵਾਂ ''ਤੇ ਮੱਛਰਾਂ ਦੀ ਪੈਦਾਇਸ਼ ਦਾ ਡਰ ਸੀ, ਜਿਸ ਦੀ ਸਬੰਧਤ ਮੁਲਾਜ਼ਮਾਂ ਦੇ ਸਹਿਯੋਗ ਨਾਲ ਸਫਾਈ ਕਰਵਾਈ ਗਈ ਤਾਂ ਜੋ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਪੋਸਟਰ ਵੀ ਲਗਾਏ ਗਏ।