ਚਤਰ ਸਿੰਘ, ਬੁਢਲਾਡਾ : ਪੰਜਾਬ ਅੰਦਰ ਨਿੱਤ ਦਿਨ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਚ ਬੁੱਧਵਾਰ ਨੂੰ ਇੱਕ ਹੋਰ ਮੰਦਭਾਗੇ ਕਿਸਾਨ ਦਾ ਨਾਮ ਜੁੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਦੜਾ ਦੇ ਬਜ਼ੁਰਗ ਕਿਸਾਨ ਹਰਬੰਸ ਸਿੰਘ (60) ਪੁੱਤਰ ਹਜੂਰਾ ਸਿੰਘ ਵੱਲੋਂ ਕਰਜ਼ੇ ਦਾ ਭਾਰ ਨਾ ਝੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਕੋਲ ਮ੍ਰਿਤਕ ਦੇ ਬੇਟੇ ਗੁਰਨਾਨਕ ਸਿੰਘ ਵੱਲੋਂ ਦਰਜ ਕਰਵਾਏ ਬਿਆਨ 'ਚ ਦੱਸਿਆ ਕਿ ਉਸ ਦਾ ਪਿਤਾ ਜੋ ਕਿ ਤਿੰਨ ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਉਸ ਦੇ ਸਿਰ ਸੁਸਾਇਟੀ ਤੇ ਪ੍ਰਾਈਵੇਟ ਕੁੱਲ 12 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਨੂੰ ਨਾ ਭਰ ਸਕਣ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਵੱਲੋਂ ਬੁੱਧਵਾਰ ਨੂੰ ਖੇਤਾਂ 'ਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਸਦਰ ਪੁਲਿਸ ਬੁਢਲਾਡਾ ਦੇ ਏਐੱਸਆਈ ਗੁਰਦੀਪ ਸਿੰਘ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾ ਹਵਾਲੇ ਕਰ ਦਿੱਤੀ ਹੈ।

Posted By: Amita Verma