ਕੁਲਜੀਤ ਸਿੰਘ ਸਿੱਧੂ, ਮਾਨਸਾ: ਮਾਨਸਾ ਵਿਚ ਡੇਂਗੂ ਨੇ ਇਸ ਕਦਰ ਪੈਰ ਪਸਾਰ ਲਏ ਹਨ ਕਿ ਲੋਕਾਂ ਨੂੰ ਕੋਰੋਨਾ ਤੋਂ ਜਿਆਦਾ ਜਿਆਦਾ ਡਰ ਡੇਂਗੂ ਤੋਂ ਲੱਗ ਰਿਹਾ ਹੈ। ਕਿਉਂਕਿ ਕਰੋਨਾ ਦੇ ਮਾਮਲੇ ਘੱਟ ਅਤੇ ਡੇਂਗੂ ਦੇ ਕੇਸ ਜ਼ਿਆਦਾ ਸਾਹਮਣੇ ਆ ਰਹੇ ਹਨ ।ਮਾਨਸਾ ਸ਼ਹਿਰ ਚ ਪਿੱਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 21 ਮਰੀਜ ਸਾਹਮਣੇ ਆਏ ਹਨ ,ਜਿਸ ਨਾਲ ਕੁੱਲ ਮਰੀਜਾਂ ਦੀ ਗਿਣਤੀ 216 ਤੋਂ ਪਾਰ ਹੋ ਗਈ ਹੈ।ਸਿਹਤ ਵਿਭਾਗ ਦੀ ਟੀਮ ਨੇ 382 ਘਰਾਂ ਦਾ ਸਰਵੇਖਣ ਕੀਤਾ ਜਿਹਨਾਂ ਚੋਂ 2 ਘਰਾਂ ਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਟੀਮਾਂ ਬਣਾ ਕੇ ਡੇਂਗੂ ਦੇ ਕਹਿਰ ਤੋਂ ਬਚਣ ਲਈ ਪੂਰੇ ਸ਼ਹਿਰ ਨੂੰ ਸਪਰੇ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ।

ਐੱਸ.ਐੱਮ.ਓ ਹਰਚੰਦ ਸਿੰਘ ਨੇ ਦੱਸਿਆ ਕਿ ਮਾਨਸਾ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਉਪਲਬਧ ਹਨ ਅਤੇ ਕਿਸੇ ਵੀ ਮਰੀਜ਼ ਨੂੰ ਇਲਾਜ ਅਤੇ ਟੈਸਟ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

Posted By: Jagjit Singh