ਜਗਤਾਰ ਸਿੰਘ ਧੰਜਲ, ਮਾਨਸਾ : ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰੀ ਨੌਕਰੀ ਦਿਵਾਉਣ, ਫਰਜ਼ੀ ਪਾਲਸੀਆਂ ਕਰਕੇ ਪੰਜ ਸਾਲਾਂ ਚ ਪੈਸੇ ਦੁੱਗਣੇ ਕਰਨ ਜਾਂ ਪਲਾਂਟ ਦੇਣ ਦੇ ਝਾਂਸੇ 'ਚ ਲਿਆ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲਿਆਂ ਚ ਜ਼ਿਲ੍ਹਾ ਮਾਨਸਾ ਦੇ ਥਾਣਾ ਜੌੜਕੀਆਂ ਤੇ ਸਰਦੂਲਗੜ੍ਹ ਪੁਲਿਸ ਨੇ ਪੰਜ ਵਿਅਕਤੀਆਂ ਨੁੰ ਨਾਮਜ਼ਦ ਕੀਤਾ ਹੈ। ਪਰ ਹਾਲੇ ਤਕ ਇਨ੍ਹਾਂ ਕਿਸੇ ਵੀ ਮਾਮਲੇ 'ਚ ਮੁਲਜ਼ਮਾਂ ਦੀ ਗਿ੍ਫਤਾਰੀ ਨਹੀਂ ਹੋਈ ਹੈ। ਕੁਝ ਸਮਾਂ ਪਹਿਲਾਂ ਪੁਲਿਸ ਨੂੰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਸ਼ਿਕਾਇਤਾਂ ਪ੍ਰਰਾਪਤ ਹੋਈਆਂ ਸਨ, ਜਿਨ੍ਹਾਂ ਦੀ ਉਚ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਲੰਬੀ ਪੜਤਾਲ ਤੋਂ ਬਾਅਦ ਧੋਖਾਧੜੀ ਤੇ ਹੋਰਨਾਂ ਧਾਰਾਵਾਂ ਤਹਿਤ ਦੋ ਵੱਖੋ-ਵੱਖਰੇ ਮਾਮਲੇ ਦਰਜ ਕੀਤੇ ਗਏ ਹਨ। ਇਕ ਮਾਮਲੇ 'ਚ ਇਕ ਕਿਸਾਨ ਦੀ ਪਤਨੀ ਨੂੰ ਮਨੁੱਖੀ ਅਧਿਕਾਰੀ ਕਮਿਸ਼ਨ 'ਚ ਅਫਸਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 19 ਲੱਖ ਦੇ ਕਰੀਬ ਰੁਪਏ ਠੱਗੇ ਗਏ ਹਨ, ਜਦਕਿ ਦੂਜੇ ਮਾਮਲੇ 'ਚ ਇਕ ਫਰਜ਼ੀ ਕੰਪਨੀ ਰਾਹੀਂ ਪੈਸੇ ਦੁੱਗਣੇ ਕਰਨ ਤਹਿਤ ਲੱਖਾਂ ਰੁਪਏ ਠੱਗੇ ਗਏ ਹਨ। ਪੁਲਿਸ ਨੇ ਠੱਗੀ ਠੋਰੀ ਦੇ ਦੋਵਾਂ ਮਾਮਲਿਆਂ ਚ ਆਪਣੀ ਕਾਰਵਾਈ ਵਿੱਢ ਦਿੱਤੀ ਹੈ।

ਜ਼ਿਲ੍ਹਾ ਮਾਨਸਾ ਦੇ ਉਚ ਪੁਲਿਸ ਅਧਿਕਾਰੀਆਂ ਕੋਲ ਕੀਤੀ ਗਈ ਸ਼ਿਕਾਇਤ 'ਚ ਗੁਰਪਾਲ ਸਿੰਘ ਵਾਸੀ ਚੂਹੜੀਆ ਨੇ ਦੱਸਿਆ ਕਿ ਉਨਾਂ ਦੇ ਕੁਝ ਰਿਸ਼ਤੇਦਾਰਾਂ ਰਾਹੀਂ ਰੋਪੜ ਵਿਖੇ ਹਿਊਮਨ ਰਾਈਟਸ ਮਿਸ਼ਨ ਦਫਤਰ ਦੇ ਜੁਆਇੰਟ ਡਾਇਰੈਕਟਰ ਸਿਕੰਦਰ ਸਿੰਘ ਨਾਲ ਸੰਪਰਕ ਹੋਇਆ ਸੀ, ਜਿਸ 'ਚ ਕੁਝ ਹੋਰ ਵਿਅਕਤੀ ਵੀ ਸ਼ਾਮਲ ਸਨ। ਉਨ੍ਹਾਂ ਨੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ 'ਚ ਬਲਾਕ ਪ੍ਰਰਾਜੈਕਟ ਅਫਸਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ। ਜਿਨ੍ਹਾਂ ਨੂੰ ਉਨਾਂ 19 ਲੱਖ 50 ਹਜ਼ਾਰ ਰੁਪਏ ਦੀ ਰਕਮ ਦਿੱਤੀ। ਕਿਸਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਸਮਾਂ ਬੀਤਣ ਤੋਂ ਬਾਅਦ ਤਕ ਜਦ ਉਨ੍ਹਾਂ ਦੀ ਪਤਨੀ ਨੂੰ ਕੋਈ ਨੌਕਰੀ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਉਨ੍ਹਾਂ ਨੇ ਮਿਲੀਭੁਗਤ ਕਰ ਕੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਮਾਮਲੇ ਦੀ ਪੈਰਵੀ ਕਰ ਕੇ ਰਹੇ ਥਾਣਾ ਜੌੜਕੀਆਂ ਦੇ ਮਲਕੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਕੰਦਰ ਸਿੰਘ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪਰ ਇਸ ਵਿਚ ਹਾਲੇ ਕੋਈ ਗਿ੍ਫਤਾਰੀ ਨਹੀਂ ਹੋਈ ਹੈ।

ਦੂਜੇ ਮਾਮਲੇ ਵਿਚ ਸਰਦੂਲਗੜ੍ਹ ਥਾਣਾ ਪੁਲਿਸ ਕੋਲ ਪੁੱਜੀ ਸ਼ਿਕਾਇਤ ਦੀ ਜਾਂਚ 'ਚ 4 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਫਿਰੋਜ਼ਪੁਰ ਤੋਂ ਸਰਦੂਲਗੜ੍ਹ ਆ ਕੇ ਕੁਝ ਵਿਅਕਤੀਆਂ ਨੇ ਐੱਮਜੀਕੇ ਐਗਰੀਕਲਚਰ ਡਿਵੈਲਮੈਂਟ ਇੰਡੀਆ ਨਾਮੀ ਕੰਪਨੀ ਦੇ ਨਾਂ ਆਪਣਾ ਦਫਤਰ ਖੋਲਿ੍ਹਆ ਹੋਇਆ ਸੀ, ਜੋ ਪਾਲਸੀਆਂ ਕਰ ਕੇ ਲੋਕਾਂ ਨੂੰ ਪੰਜ ਸਾਲ 'ਚ ਪੈਸੇ ਦੁੱਗਣੇ ਕਰਨ ਜਾਂ ਪਲਾਂਟ ਦੇਣ ਦਾ ਝਾਂਸਾ ਦਿੰਦੇ ਸਨ। ਪੁਲਿਸ ਕੋਲ ਕੀਤੀਆਂ ਸ਼ਿਕਾਇਤਾਂ 'ਚ ਬੇਅੰਤ ਸਿੰਘ ਸਰਦੂਲਗੜ੍ਹ ਨੇ ਉਕਤ ਸੰਚਾਲਕਾਂ ਦੇ ਖਿਲਾਫ 3 ਲੱਖ 90 ਹਜ਼ਾਰ, ਕਰਤਾਰ ਚੰਦ ਨਾਹਰਾਂ ਨੇ 1 ਲੱਖ 94 ਹਜ਼ਾਰ ਤੇ ਰਾਮ ਚੰਦਰ ਨੇ 50 ਹਜ਼ਾਰ ਰੁਪਏ ਦੇਣ ਦਾ ਦੋਸ਼ ਲਾਇਆ ਹੈ। ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਪਣੀ ਪੜਤਾਲ ਤੋਂ ਬਾਅਦ ਉਕਤ ਕੰਪਨੀ ਚਲਾਉਣ ਵਾਲੇ ਸੰਜੀਵ ਕੁਮਾਰ ਸਰਦੂਲਗੜ੍ਹ, ਪਿੱਪਲ ਸਿੰਘ ਫਿਰੋਜ਼ਪੁਰ, ਅਵਤਾਰ ਸਿੰਘ ਅਲਫੂਕੇ ਜ਼ਿਲ੍ਹਾ ਫਿਰੋਜ਼ਪੁਰ ਤੇ ਬਖਸ਼ੀਸ਼ ਸਿੰਘ ਵਾਸੀ ਸੇਮੀਆਂ ਵਾਲਾ ਜ਼ਿਲ੍ਹਾ ਫਿਰੋਜਪੁਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਨਾਂ ਦੱਸਿਆ ਕਿ ਇਹ ਵਿਅਕਤੀ ਝੂਠੀਆਂ ਪਾਲਿਸੀਆਂ ਕਰਕੇ ਲੋਕਾਂ ਨੂੰ ਭਰਮਾਉਂਦੇ ਸਨ।