ਕੁਲਵਿੰਦਰ ਸਿੰਘ ਚਹਿਲ, ਬੁਢਲਾਡਾ : ਸਥਾਨਕ ਸ਼ਹਿਰ ਦੀ ਭੀਖੀ ਰੋਡ 'ਤੇ ਮਿੱਟੀ ਢੋਹਣ ਵਾਲੇ ਡੈਂਪਰ ਦੀ ਟਰਾਲੀ ਟਰੈਕਟਰ ਨਾਲ ਟੱਕਰ ਹੋਣ ਕਾਰਨ ਬਾਰਾਂ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜਿਸ 'ਚ ਇੱਕ ਨਬਾਲਗ ਲੜਕੀ ਅਤੇ ਵਿਅਕਤੀ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ ਪਿੰਡ ਗੁਰਨੇ ਕਲਾਂ ਦੇ ਖੇਤਾਂ 'ਚ ਕੰਮ ਕਰ ਕੇ ਟਰੈਕਟਰ ਟਰਾਲੀ ਤੇ ਅੌਰਤਾਂ ਸਮੇਤ ਇੱਕ ਦਰਜਨ ਤੋਂ ਵੱਧ ਵਿਅਕਤੀ ਪਿੰਡ ਨੂੰ ਵਾਪਸ ਆ ਰਹੇ ਸਨ ਤਾਂ ਸੜਕ 'ਤੇ ਚੱਲ ਰਹੇ ਕੰਮ ਦੌਰਾਨ ਮਿੱਟੀ ਦੇ ਭਰੇ ਸਪੀਡ ਡੈਂਪਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਸਾਬਕਾ ਪੰਚ ਸੁਖਦੇਵ ਸਿੰਘ ਅਤੇ ਇਕ ਨਬਾਲਗ ਲੜਕੀ ਨੀਸ਼ਾ ਰਾਣੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਟਰਾਲੀ 'ਚ ਸਵਾਰ ਬਾਕੀ ਮਰਦਾਂ ਅਤੇ ਅੌਰਤਾਂ ਨੂੰ ਮਾਮੂਲੀ ਮਲ੍ਹਮ ਪੱਟੀ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਡੈਂਪਰ ਚਾਲਕ ਮੌਕੇ 'ਤੇ ਆਪਣੇ ਡੈਂਪਰ ਸਮੇਤ ਫਰਾਰ ਹੋ ਗਿਆ।