ਪੱਤਰ ਪ੍ਰਰੇਰਕ, ਸਮਰਾਲਾ : ਪਿੰਡ ਸ਼ਾਮਗੜ੍ਹ ਦੀ ਇਕ ਵਿਧਵਾ ਨਾਲ ਪਿੰਡ ਪੜੌਦੀ ਦੇ ਰਹਿਣ ਵਾਲੇ ਯੂਥ ਆਗੂ ਤੇ ਉਸ ਦੀ ਪਤਨੀ ਵੱਲੋਂ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਥਾਣਾ ਸਮਰਾਲਾ ਦੀ ਪੁਲਿਸ ਨੇ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਕਤ ਯੂਥ ਆਗੂ ਤੇ ਉਸ ਦੀ ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਯੂਥ ਆਗੂ ਦੀ ਪਛਾਣ ਸਰਬਜੀਤ ਸਿੰਘ ਤੇ ਉਸ ਦੀ ਪਤਨੀ ਕਮਲਜੀਤ ਕੌਰ ਵਜੋਂ ਹੋਈ ਹੈ। ਸ਼ਿਕਾਇਤਕਰਤਾ ਸੰਜੀਵ ਕੌਰ ਪਤਨੀ ਸਵ. ਰਛਪਾਲ ਸਿੰਘ ਵਾਸੀ ਪਿੰਡ ਸ਼ਾਮਗੜ੍ਹ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਜਣਿਆਂ ਨੇ 2014 'ਚ ਉਸ ਦਾ ਖਾਤਾ ਕਰਾਊਨ ਕਰੈਡਿਟ ਕੋਆਪ੍ਰਰੇਟਿਵ ਸੁਸਾਇਟੀ 'ਚ ਖੁੱਲ੍ਹਵਾ ਕੇ ਉਸ ਦੀ ਰਕਮ 3 ਸਾਲਾਂ 'ਚ ਦੁੱਗਣੀ ਕਰਨ ਦਾ ਝਾਂਸਾ ਦਿੱਤਾ।

ਪੀੜਤ ਔਰਤ ਨੇ ਦੱਸਿਆ ਕਿ ਉਸ ਨੇ ਭਰੋਸੇ 'ਚ ਆ ਕੇ ਬੈਂਕ 'ਚ ਪਈ ਆਪਣੀ ਰਕਮ ਤੋਂ ਇਲਾਵਾ ਆਪਣੀ ਧੀ ਦੇ ਫਿਕਸ ਡਿਪਾਜ਼ਿਟ ਕੱਢਵਾ ਕੇ ਕੁਲ 9 ਲੱਖ 57 ਹਜ਼ਾਰ ਰੁਪਏ ਵੱਖ-ਵੱਖ ਸਮਿਆਂ 'ਤੇ ਇਨ੍ਹਾਂ ਨੂੰ ਦਿੱਤੇ ਪਰ ਮਿਆਦ ਲੰਘਣ 'ਤੇ ਉਸ ਨੂੰ ਦੁੱਗਣੀ ਰਕਮ ਤਾਂ ਕੀ ਮਿਲਣੀ ਸੀ, ਸਗੋਂ ਉਸ ਦੀ ਮੂਲ ਰਕਮ ਵੀ ਨਹੀਂ ਮੋੜੀ ਗਈ। ਇਸ ਦੌਰਾਨ ਮੁਲਜ਼ਮਾਂ ਨੇ ਪੀੜਤਾ ਨੂੰ ਵੱਖ-ਵੱਖ ਸਮੇਂ 'ਤੇ ਬੈਂਕ ਦੇ ਚੈੱਕ ਦਿੱਤੇ ਪਰ ਉਹ ਸਾਰੇ ਚੈੱਕ ਬੋਗਸ ਨਿਕਲੇ। ਪੁਲਿਸ ਨੇ ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।