ਐੱਸਪੀ ਜੋਸ਼ੀ, ਲੁਧਿਆਣਾ : ਸਥਾਨਕ ਫੋਕਲ ਪੁਆਇੰਟ ਦੇ ਨਜ਼ਦੀਕ ਅਰਬਨ ਅਸਟੇਟ ਇਲਾਕੇ ਵਿਚ ਇੱਕ ਨੌਜਵਾਨ ਨੇ ਦੋ ਬੱਚਿਆਂ ਦਾ ਵਹਿਸ਼ੀਆਨਾ ਢੰਗ ਨਾਲ ਗਲਾ ਰੇਤ ਕੇ ਕਤਲ ਕਰ ਦਿੱਤਾ। ਇਹ ਘਿਨੌਣੀ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਕਾਤਲ ਸ਼ੈਲੇਂਦਰ ਨੇ ਖੁਦ ਵੀ ਮੌਤ ਨੂੰ ਗਲੇ ਲਗਾ ਲਿਆ । ਰੇਲਵੇ ਲਾਈਨ ਦੇ ਨਜ਼ਦੀਕ ਹੋਈ ਇਸ ਵਾਰਦਾਤ ਮਗਰੋਂ ਇਲਾਕੇ ਵਿਚ ਸਹਿਮ ਦਾ ਆਲਮ ਹੈ।ਆਲੇ ਦੁਆਲੇ ਦੇ ਲੋਕਾਂ ਨੂੰ ਇਸ ਵਾਰਦਾਤ ਬਾਰੇ ਉਸ ਵੇਲੇ ਪਤਾ ਲੱਗਾ ਜਦ ਵਿਹੜੇ ਦੇ ਇਕ ਕਮਰੇ ਵਿਚੋਂ ਬੱਚਿਆਂ ਦੇ ਜ਼ੋਰ ਜ਼ੋਰ ਨਾਲ ਚੀਕਣ ਦੀ ਆਵਾਜ਼ ਆਈ।ਬੱਚਿਆਂ ਦੀ ਆਵਾਜ਼ ਸੁਣ ਕੇ ਬੱਚਿਆਂ ਦੀ ਮਾਂ ਕਮਰੇ ਤਕ ਪੁੱਜੀ ਪਰ ਅੰਦਰੋਂ ਕੁੰਡੀ ਬੰਦ ਹੋਣ ਕਾਰਨ ਉਸ ਨੇ ਰੌਲਾ ਪਾ ਕੇ ਆਲੇ ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ। ਗੁਆਂਢੀਆਂ ਨੇ ਮੌਕੇ ਤੇ ਪੁੱਜ ਕੇ ਦਰਵਾਜ਼ਾ ਤੋੜਿਆ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਕਮਰੇ ਵਿਚ ਔਰਤ ਦੇ ਦੋਨੋਂ ਬੱਚੇ ਖੂਨ ਨਾਲ ਭਿੱਜੇ ਪਏ ਸਨ।ਆਂਢੀਆਂ ਗੁਆਂਢੀਆਂ ਨੇ ਤੁਰੰਤ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ । ਕਤਲ ਕੀਤੇ ਗਏ ਬੱਚਿਆਂ ਦੀ ਪਛਾਣ ਅੱਠ ਸਾਲ ਦੇ ਰਜਨੀਸ਼ ਅਤੇ ਛੇ ਸਾਲਾ ਮਨੀਸ਼ ਦੇ ਰੂਪ ਵਿਚ ਹੋਈ ਹੈ।ਜਾਣਕਾਰੀ ਮੁਤਾਬਕ ਰੇਲਵੇ ਲਾਈਨਾਂ ਦੇ ਨਜ਼ਦੀਕ ਬਣੇ ਵਿਹੜੇ ਵਿੱਚ ਸ਼ਿਵ ਸ਼ੰਕਰ ਤਿਵਾੜੀ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਘਰਵਾਲੀ ਮੀਨੂੰ ਅਤੇ ਦੋਨਾਂ ਬੱਚਿਆਂ ਨਾਲ ਰਹਿ ਰਿਹਾ ਸੀ।ਵਿਹੜੇ ਵਿੱਚ ਨਜ਼ਦੀਕ ਹੀ ਆਰੋਪੀ ਸ਼ੈਲਿੰਦਰ ਆਪਣੇ ਮਾਮੇ ਨਾਲ ਰਹਿੰਦਾ ਸੀ।ਜਾਣਕਾਰੀ ਮੁਤਾਬਕ ਸ਼ੈਲਿੰਦਰ ਬੀਤੇ ਕੁਝ ਸਮੇਂ ਤੋਂ ਬੱਚਿਆਂ ਦੀ ਮਾਂ ਮੀਨੂੰ ਨੂੰ ਪਰੇਸ਼ਾਨ ਕਰ ਰਿਹਾ ਸੀ। ਇਸ ਮਾਮਲੇ ਵਿੱਚ ਵਿਹੜੇ ਦੇ ਮਾਲਕ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ।

ਆਂਢੀਆਂ ਗੁਆਂਢੀਆਂ ਦੀ ਹਾਜ਼ਰੀ ਵਿਚ ਸ਼ੈਲੇਂਦਰ ਨੂੰ ਵਿਹੜਾ ਮਾਲਕ ਅਤੇ ਗੁਆਂਢੀਆਂ ਨੇ ਸ਼ੁੱਕਰਵਾਰ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਸੀ।ਸਾਰਿਆਂ ਸਾਹਮਣੇ ਹੋਈ ਬੇਇੱਜ਼ਤੀ ਤੋਂ ਰੰਜਿਸ਼ ਰੱਖਣ ਮਗਰੋਂ ਸ਼ੈਲੇਂਦਰ ਨੇ ਇਹ ਖ਼ਤਰਨਾਕ ਵਾਰਦਾਤ ਅੰਜਾਮ ਦੇਣ ਦਾ ਮਨ ਬਣਾਇਆ । ਸ਼ਨੀਵਾਰ ਸਵੇਰੇ ਕਰੀਬ ਸਾਢੇ ਦੱਸ ਵਜੇ ਜਦ ਮੀਨੂ ਵਿਹੜੇ ਵਿਚ ਭਾਂਡੇ ਧੋਣ ਲਈ ਗਈ ਤਾਂ ਮੌਕਾ ਵੇਖ ਸ਼ੈਲਿੰਦਰ ਕਮਰੇ ਵਿਚ ਜਾ ਵੜਿਆ ਅਤੇ ਬੱਚਿਆਂ ਨੂੰ ਕਤਲ ਕਰ ਦਿੱਤਾ।

Posted By: Tejinder Thind