ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਲੇਬਰ ਕਾਲੋਨੀ ਜਮਾਲਪੁਰ ਇਲਾਕੇ 'ਚ ਰੰਜਿਸ਼ਨ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਵਿਅਕਤੀ ਨੇ ਨੌਜਵਾਨ ਦੇ ਸਿਰ 'ਚ ਤਲਵਾਰਾਂ ਨਾਲ ਵਾਰ ਕੀਤੇ। ਹਮਲਾਵਰਾਂ ਨੇ ਨੌਜਵਾਨ ਨੂੰ ਇਸ ਤਰ੍ਹਾਂ ਜ਼ਖਮੀ ਕੀਤਾ ਕਿ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਗੰਭੀਰ ਹਾਲਤ 'ਚ ਨੌਜਵਾਨ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੇਬਰ ਕਾਲੋਨੀ ਜਮਾਲਪੁਰ ਦੇ ਵਾਸੀ ਮੋਹਿਤ ਕੁਮਾਰ ਦੇ ਬਿਆਨਾਂ 'ਤੇ ਜਮਾਲਪੁਰ ਕਾਲੋਨੀ ਦੇ ਹੀ ਰਹਿਣ ਵਾਲੇ ਅਨਮੋਲਦੀਪ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਸਬੰਧੀ ਮੋਹਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਅਨਮੋਲਦੀਪ ਸਿੰਘ ਨਾਲ ਕੁਝ ਸਮੇਂ ਤੋਂ ਉਸ ਦਾ ਝਗੜਾ ਚੱਲਿਆ ਆ ਰਿਹਾ ਹੈ। ਹਰ ਵੇਲੇ ਅਨਮੋਲਦੀਪ ਸਿੰਘ ਉਸ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਉਂਦਾ ਹੀ ਰਹਿੰਦਾ ਸੀ। ਮੋਹਿਤ ਨੇ ਪਿੁਲਸ ਨੂੰ ਦੱਸਿਆ ਕਿ ਸ਼ਾਮ ਵੇਲੇ ਉਹ ਘਰ ਦੇ ਬਾਹਰ ਮੌਜੂਦ ਸੀ। ਇਸੇ ਦੌਰਾਨ ਮੁਲਜ਼ਮ ਆਪਣੇ ਕੁਝ ਸਾਥੀਆਂ ਨਾਲ ਉੱਥੇ ਆਇਆ ਤੇ ਉਸ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਸਿਰ 'ਚ ਸੱਟਾਂ ਲੱਗਣ ਕਾਰਨ ਮੋਹਿਤ ਲਹੂ-ਲੁਹਾਨ ਹੋ ਕੇ ਡਿੱਗ ਪਿਆ। ਇਸ ਦੌਰਾਨ ਉੱਥੇ ਆਲੇ-ਦੁਆਲੇ ਦੇ ਲੋਕਾਂ ਨੇ ਇਕਜੁੱਟ ਹੋ ਕੇ ਰੌਲ਼ਾ ਪਾਇਆ ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੇ ਸਬ ਇੰਸਪੈਕਟਰ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਨਮੋਲ ਦੀਪ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ, ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।