ਐੱਸਪੀ ਜੋਸ਼ੀ, ਲੁਧਿਆਣਾ

ਪਤਨੀ ਦੀਆਂ ਨਿੱਤ ਦੀਆਂ ਲੜਾਈਆਂ ਝਗੜਿਆਂ ਤੋਂ ਪਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਖ਼ੁਦਕੁਸ਼ੀ ਕਰਨ ਵਾਲੇ ਕੁਲਦੀਪ ਸਿੰਘ(27) ਨੇ ਮੌਤ ਤੋਂ ਪਹਿਲਾਂ ਸੁਸਾਈਡ ਨੋਟ ਛੱਡਿਆ, ਜਿਸ ਆਧਾਰ 'ਤੇ ਥਾਣਾ ਸਲੇਮ ਟਾਬਰੀ ਪੁਲਿਸ ਨੇ ਉਸ ਦੀ ਪਤਨੀ ਮਾਨਸੀ ਵਰਸ਼ਾ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਮਾਮਲਾ ਮਿ੍ਤਕ ਕੁਲਦੀਪ ਸਿੰਘ ਦੇ ਪਿਤਾ ਸ੍ਰੀਨਿਵਾਸ ਵਾਸੀ ਗਗਨਦੀਪ ਕਾਲੋਨੀ ਭੱਟੀਆਂ ਬੇਟ ਦੇ ਬਿਆਨ 'ਤੇ ਦਰਜ ਕੀਤਾ ਹੈ। ਸ੍ਰੀਨਿਵਾਸ ਮੁਤਾਬਕ ਉਸ ਦੇ ਪੁੱਤਰ ਕੁਲਦੀਪ ਸਿੰਘ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਮਾਨਸੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ ਪਤਨੀ ਦੋਨਾਂ 'ਚ ਲੜਾਈ ਝਗੜੇ ਹੋਣ ਲੱਗ ਗਏ। ਸ੍ਰੀਨਿਵਾਸ ਮੁਤਾਬਕ ਉਸ ਦੀ ਨੂੰਹ ਛੋਟੀਆਂ ਛੋਟੀਆਂ ਗੱਲਾਂ ਤੋਂ ਘਰ 'ਚ ਕਲੇਸ਼ ਰੱਖਦੀ ਸੀ ਅਤੇ ਕੁਲਦੀਪ ਸਿੰਘ ਨਾਲ ਲੜ ਕੇ ਕਰੀਬ 2 ਸਾਲ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ। ਕਈ ਵਾਰ ਉਨ੍ਹਾਂ ਨੇ ਪਰਿਵਾਰਕ ਪੱਧਰ 'ਤੇ ਕਲੇਸ਼ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਨੂੰਹ ਗਾਹੇ ਬਗਾਹੇ ਪਤੀ ਦੀ ਜ਼ਿੰਦਗੀ ਉਲਝਾਉਣ ਲਈ ਹਰਕਤਾਂ ਕਰਦੀ ਰਹੀ। ਆਪਣੀ ਪਤਨੀ ਦੇ ਇਸ ਵਿਵਹਾਰ ਤੋਂ ਦੁਖੀ ਹੋ ਕੇ ਕੁਲਦੀਪ ਸਿੰਘ ਨੇ ਰਾਤ ਕਰੀਬ 10 ਵਜੇ ਸੁਸਾਇਡ ਨੋਟ ਲਿਖ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਪੇ੍ਮ ਸਿੰਘ ਮੁਤਾਬਕ ਲਾਸ਼ ਕਬਜ਼ੇ 'ਚ ਲੈ ਕੇ ਸੁਸਾਇਡ ਨੋਟ ਦੇ ਆਧਾਰ 'ਤੇ ਮਾਨਸੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।