ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨਸ਼ਾ ਛੁਡਾਊ ਕੇਂਦਰ ਤੋਂ ਛੁੱਟੀ 'ਤੇ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਨੌਜਵਾਨ ਦੀ ਲਾਸ਼ ਝਾੜੀਆਂ 'ਚ ਸੁੱਟ ਦਿੱਤੀ ਗਈ। ਚੌਕੀ ਮੁੰਡੀਆਂ ਦੀ ਪੁਲਿਸ ਨੇ ਰਾਜਿੰਦਰ ਕੁਮਾਰ (20) ਦੇ ਪਿਤਾ ਦੀਪਕ ਕੁਮਾਰ ਵਾਸੀ ਬੇਅੰਤ ਨਗਰ ਮੁੰਡੀਆਂ ਦੇ ਬਿਆਨਾਂ 'ਤੇ ਅਣਪਛਾਤੇ ਕਾਤਲਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਵਨ ਕੁਮਾਰ ਦੇ ਦੋਵੇਂ ਨੌਜਵਾਨ ਲੜਕੇ ਨਸ਼ੇ ਦੇ ਆਦੀ ਸਨ। ਉਨ੍ਹਾਂ ਨੂੰ ਇਲਾਜ ਲਈ ਹੁਸ਼ਿਆਰਪੁਰ ਵਿਖੇ ਮਾਹਿਲਪੁਰ ਇਲਾਕੇ ਦੇ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। 8 ਅਗਸਤ ਨੂੰ ਦੀਪਕ ਦਾ 20 ਸਾਲਾ ਦਾ ਲੜਕਾ ਰਜਿੰਦਰ ਨਸ਼ਾ ਛੁਡਾਊ ਕੇਂਦਰ ਤੋਂ ਛੁੱਟੀ 'ਤੇ ਆਇਆ ਸੀ। ਸ਼ਨਿੱਚਰਵਾਰ ਰਾਤ ਨੂੰ ਉਹ ਘਰ ਤੋਂ ਬਾਹਰ ਗਿਆ ਪਰ ਵਾਪਸ ਨਾ ਪਰਤਿਆ। ਰਾਜਿੰਦਰ ਦੇ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ ਰਹੇ ਪਰ ਉਸ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ।

ਇਸ ਸਬੰਧੀ ਐਤਵਾਰ ਦੁਪਹਿਰ ਨੂੰ ਕੁਝ ਰਾਹਗੀਰਾਂ ਨੇ ਸੁੰਦਰ ਨਗਰ ਇਲਾਕੇ ਨੇੜੇ ਪੈਂਦੀਆਂ ਝਾੜੀਆਂ 'ਚ ਇਕ ਨੌਜਵਾਨ ਦੀ ਲਾਸ਼ ਦੇਖੀ, ਜੋ ਖੂਨ ਨਾਲ ਲੱਥਪਥ ਸੀ।

ਲਾਪਤਾ ਲਾਸ਼ ਬਾਰੇ ਜਦ ਰਾਜਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ 'ਤੇ ਪੁੱਜੇ ਤੇ ਲਾਸ਼ ਦੀ ਪਛਾਣ ਕੀਤੀ। ਰਾਜਿੰਦਰ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਸ ਦਾ ਨੱਕ ਤੇ ਕੰਨ ਵੱਢਿਆ ਹੋਇਆ ਸੀ ਤੇ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਸੂਚਨਾ ਮਿਲਦੇ ਸਾਰ ਚੌਕੀ ਮੁੰਡੀਆਂ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਗਣਪਤੀ ਕਾਲੋਨੀ ਦੇ ਰਹਿਣ ਵਾਲੇ ਨੌਜਵਾਨਾਂ ਨੇ ਕੀਤਾ ਹੈ ਰਾਜਿੰਦਰ ਦਾ ਕਤਲ : ਪੀੜਤ ਪਿਤਾ

ਰਾਜਿੰਦਰ ਦੇ ਪਿਤਾ ਦੀਪਕ ਕੁਮਾਰ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਉਸ ਦੇ ਲੜਕੇ ਨੂੰ ਗਣਪਤੀ ਕਾਲੋਨੀ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਮੌਤ ਦੇ ਘਾਟ ਉਤਾਰਿਆ ਹੈ। ਇਸ ਮਾਮਲੇ ਵਿੱਚ ਹਾਲ ਦੀ ਘੜੀ ਪੁਲਿਸ ਕਿਸੇ ਸਿੱਟੇ 'ਤੇ ਨਹੀਂ ਪਹੁੰਚੀ ਪਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।

ਮੁੰਡੀਆਂ ਚੌਕੀ ਦੇ ਇੰਚਾਰਜ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੀਪਕ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।