ਖੱਟੜਾ, ਪਾਇਲ : ਹੈਦਰਾਬਾਦ ਘੁੰਮਣ ਗਿਆ ਹਲਕਾ ਪਾਇਲ ਦੇ ਪਿੰਡ ਰਾਜਗੜ ਦਾ ਇੱਕ 26 ਸਾਲਾ ਨੌਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਸਿਹਤ ਵਿਭਾਗ ਨੇ ਉਸਦੇ ਪਰਿਵਾਰ ਦੇ 8 ਮੈਬਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਹ ਨੌਜਵਾਨ ਤਬਲੀਗੀ ਜਮਾਤ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੀੜਤ ਨੇ ਕਿਹਾ ਕਿ ਉਹ ਤਬਲੀਗੀ ਮਰਕਜ਼ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਹ ਪਿੰਡ ਰਾਜਗੜ੍ਹ ਤੋਂ 16 ਮਾਰਚ ਨੂੰ ਗਿਆ ਤੇ ਮਜਲਸ 15 ਮਾਰਚ ਨੂੰ ਖ਼ਤਮ ਹੋ ਗਈ ਸੀ। ਸਿਹਤ ਵਿਭਾਗ ਅਨੁਸਾਰ ਕੋਰੋਨਾ ਵਾਇਰਸ ਪੀੜਤ ਨੌਜਵਾਨ ਪਿਛਲੇ ਦਿਨੀਂ ਹੈਦਰਾਬਾਦ ਘੁੰਮਣ ਗਿਆ ਸੀ ਅਤੇ ਫਲਾਈਟ ਰਾਹੀਂ ਵਾਪਸ ਪੰਜਾਬ ਆਉਂਦੇ ਸਮੇਂ ਕਰੀਬ 12 ਘੰਟੇ ਦਿੱਲੀ ਵਿਚ ਠਹਿਰ ਗਿਆ ਸੀ, ਜਿੱਥੇ ਉਹ ਤਬਲੀਗੀ ਮਰਕਜ਼ ਤੋਂ ਪਰਤੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਇਆ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਸਾਂਝੇ ਤੌਰ ‘ਤੇ ਉਕਤ ਨੋਜਵਾਨ, ਜੋ ਕਿ ਸਾਂਝੇ ਪਰਿਵਾਰ ਵਿਚ ਰਹਿ ਰਿਹਾ ਸੀ, ਜਾਣਕਾਰੀ ਮਿਲਣ ਪਿੱਛੋਂ ਸ਼ੱਕ ਪੈਣ ‘ਤੇ ਮੁੱਢਲੇ ਟੈਸਟਾਂ ਲਈ ਸਿਵਲ ਹਸਪਤਾਲ ਲੁਧਿਆਣਾ ਲੈ ਗਏ। ਜਿੱਥੇ ਸਿਹਤ ਵਿਭਾਗ ਨੇ ਉਸਦੇ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਜਾਣ ਦੀ ਪੁਸ਼ਟੀ ਕਰ ਦਿੱਤੀ। ਪੀੜਿਤ ਦੇ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਜਾਣ ਪਿੱਛੋਂ ਉਸ ਦੇ ਮਾਤਾ-ਪਿਤਾ, ਪਤਨੀ, ਦੋ ਬੇਟੇ, ਦੋ ਭੈਣਾਂ ਅਤੇ ਇੱਕ ਭਰਾ ਸਮੇਤ ਕੁੱਲ 8 ਮੈਂਬਰਾਂ ਨੂੰ ਮੁੱਢਲੀ ਜਾਂਚ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਪੀੜਤ ਪਿਛਲੇ ਦਿਨਾਂ ਵਿਚ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ ਸੀ। ਜਿਸ ਤੋਂ ਬਾਅਦ ਸੱਕੀਆਂ ਦੀ ਵੀ ਜਾਂਚ ਕੀਤੀ ਜਾਵੇਗੀ। ਪਾਇਲ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਪ੍ਰੀਤ ਸੇਖੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਘਬਰਾਉਣ ਦਾ ਨਹੀਂ ਬਲਕਿ ਸੁਚੇਤ ਹੋਣ ਦੀ ਲੋੜ ਹੈ। ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ ਹੀ ਇਸ ਬਿਮਾਰੀ ਦਾ ਹੱਲ ਹੈ। ਉਨਾਂ ਕਿਹਾ ਕਿ ਲੋਕ ਇਸ ਬਿਮਾਰੀ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਆਪਣੇ ਆਸਪਾਸ ਡਰ ਅਤੇ ਸਹਿਮ ਦਾ ਮਹੌਲ ਨਾ ਬਣਾਉਣ ਕਿਉਂਕਿ ਪੰਜਾਬ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰਾਂ ਸੁਰੱਖਿਅਤ ਹੈ। ਪਾਇਲ ਇਲਾਕੇ ‘ਚ ਪਹਿਲਾ ਕੋਰੋਨਾ ਪਾਜਟਿਵ ਕੇਸ ਆਉਣ ਨਾਲ ਲੋਕਾਂ ‘ਚ ਸਹਿਮ ਅਤੇ ਡਰ ਦਾ ਮਹੌਲ ਪਾਇਆ ਜਾ ਰਿਹਾ ਹੈ।

ਡੀਐਸਪੀ ਪਾਇਲ ਹਰਦੀਪ ਸਿੰਘ ਚੀਮਾ ਨੇ ਕਿਹਾ ਕਿ ਇਹ ਪੀ੍ਰਵਾਰ ਪਿੰਡ ਤੋਂ ਬਾਹਰ ਹੀ ਰਹਿੰਦਾ ਸੀ ਅਤੇ ਇਸ ਪੀ੍ਰਵਾਰ ਨਾਲ ਜਿੰਨ੍ਹਾ ਲੋਕ ਰਾਬਤਾ ਦੀ ਉਨ੍ਹਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪਹਿਲਾ ਹੀ ਨਾਕੇ ਲਗਾਏ ਜਾ ਰਹੇ ਸਨ ਉਨ੍ਹਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

Posted By: Tejinder Thind