ਕੁਲਵਿੰਦਰ ਸਿੰਘ ਰਾਏ, ਖੰਨਾ

ਬੱਸ ਅੱਡਾ ਖੰਨਾ ਵਿਖੇ ਅਵਾਰਾ ਸਾਨ੍ਹਾਂ ਦੀ ਲਪੇਟ 'ਚ ਆਉਣ ਕਰਕੇ ਇਕ ਅੌਰਤ ਫੱਟੜ ਹੋ ਗਈ। ਸਾਹਿਲ ਸ਼ਰਮਾ ਨੇ ਦੱਸਿਆ ਕਿ ਉਸਦੀ ਦਾਦੀ ਆਈਵੀਵਾਈ ਹਸਪਤਾਲ ਖੰਨਾ ਵਿਖੇ ਦਾਖ਼ਲ ਹੈ। ਉਹ ਆਪਣੀ ਦਾਦੀ ਦੀ ਖ਼ਬਰ ਲੈ ਕੇ ਆਪਣੀ ਮਾਤਾ ਸੁਮਨ ਲਤਾ (45 ਸਾਲ) ਨਾਲ ਹਸਪਤਾਲ ਤੋਂ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਬੱਸ ਅੱਡਾ ਖੰਨਾ ਵਿਖੇ ਪੁੱਜੇ ਤਾਂ ਉੱਥੇ ਦੋ ਅਵਾਰਾ ਸਾਨ੍ਹ ਭਿੜ ਰਹੇ ਸਨ, ਜਿਨ੍ਹਾਂ ਨੂੰ ਭਿੜਦੇ ਦੇਖ ਕੇ ਉਸ ਨੇ ਮੋਟਰਸਾਈਕਲ ਇਕ ਪਾਸੇ ਰੋਕ ਲਿਆ। ਸਾਨ੍ਹ ਭਿੜਦੇ ਹੋਏ ਅਚਾਨਕ ਉਨ੍ਹਾਂ ਵੱਲ ਨੂੰ ਵਧੇ ਤੇ ਸਾਨ੍ਹ ਨੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਤੇ ਉਸਦੀ ਮਾਤਾ ਮੋਟਰਸਾਈਕਲ ਤੋਂ ਡਿੱਗ ਗਏ। ਉਸਦੀ ਮਾਤਾ ਦੇ ਕਾਫ਼ੀ ਸੱਟਾਂ ਲੱਗੀਆਂ। ਬੱਸ ਅੱਡੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸਾਨ੍ਹ ਤੋਂ ਬਚਾਇਆ, ਜਿਸ ਨੂੰ ਇਕ ਨਿੱਜੀ ਹਸਪਤਾਲ 'ਚ ਲਿਜਾ ਕੇ ਇਲਾਜ ਕਰਵਾਇਆ ਗਿਆ।

ਇੰਜ. ਰਾਮ ਸਿੰਘ, ਕਰਮ ਸਿੰਘ ਸੰਧੂ ਹਰਬੰਸਪੂਰਾ, ਜਸਪਾਲ ਸਿੰਘ ਕੰਗ, ਦਲਬੀਰ ਸਿੰਘ ਬਗਲੀ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸੰਭਾਲ 'ਚ ਖੰਨਾ ਪ੍ਰਸ਼ਾਸਨ ਬਿਲਕੁੱਲ ਫੇਲ੍ਹ ਸਾਬਤ ਹੋਇਆ ਹੈ। ਸ਼ਹਿਰ 'ਚ ਗਊਸ਼ਾਲਾਵਾਂ ਹਨ ਪਰ ਉਹ ਵੀ ਅਵਾਰਾ ਪਸ਼ੂਆਂ ਨੂੰ ਨਹੀਂ ਸੰਭਾਲ ਰਹੇ। ਸਰਕਾਰ ਵੱਲੋਂ ਲੋਕਾਂ ਤੋਂ ਗਊ ਟੈਕਸ ਦੇ ਨਾਂਅ 'ਤੇ ਕਰੋੜਾਂ ਰੁਪਏ 'ਕੱਠੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦੀ ਸੰਭਾਲ ਲਈ ਕੋਈ ਪੱਕਾ ਪ੍ਰੁਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਖੰਨਾ ਪ੍ਰਸ਼ਾਸਨ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਜਲਦੀ ਪ੍ਰਬੰਧ ਕਰੇ।