ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ

ਮਾਛੀਵਾੜਾ ਕਾਂਗਰਸ ਪਾਰਟੀ ਵੱਲੋਂ ਅੱਜ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁਮਾਰ ਕੁੰਦਰਾ ਦੀ ਅਗਵਾਈ ਹੇਠ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਤੇਲ ਕੀਮਤਾਂ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਮਹਿੰਗਾਈ 'ਤੇ ਕਾਬੂ ਪਾਇਆ ਜਾਵੇਗਾ ਪਰ ਅੱਜ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲੀਅਮ ਪਦਾਰਥਾਂ ਵਿਚ ਵਾਧੇ ਜਾਰੀ ਹਨ ਜਦਕਿ ਕਾਂਗਰਸ ਪਾਰਟੀ ਸਮੇਂ ਇਹ ਨਾਮਾਤਰ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਫਸਲਾਂ ਦੇ ਐੱਮਐੱਸਪੀ ਵਧਾ ਕੇ ਉਨ੍ਹਾਂ ਦੀ ਡੀਜ਼ਲ ਤੇ ਖਾਦਾਂ ਦੇ ਰੇਟ ਵਧਾ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਾਜਪਾ ਖ਼ਿਲਾਫ਼ ਲਾਮਬੰਦ ਹੋ ਕੇ ਪੈਟਰੋਲੀਅਮ ਪਦਾਰਥਾਂ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਸਬੰਧੀ ਰੋਸ ਪ੍ਰਗਟ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਨਾਮ ਸਿੰਘ ਖਾਲਸਾ, ਅਮਰਜੀਤ ਸਿੰਘ ਕਾਲਾ, ਬਲਵਿੰਦਰ ਰਾਏ ਚੌਧਰੀ, ਵਿਜੈ ਕੁਮਾਰ ਚੌਧਰੀ (ਸਾਰੇ ਕੌਂਸਲਰ), ਪੀਏ ਰਾਜੇਸ਼ ਬਿੱਟੂ, ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਰਾਣਵਾਂ, ਪਰਮਿੰਦਰ ਤਿਵਾੜੀ, ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਚੇਤਨ ਕੁਮਾਰ, ਬੇਅੰਤ ਸਿੰਘ ਵੀ ਮੌਜੂਦ ਸਨ।