ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਾਇੰਸ ਕਾਲਜ ਵੱਲੋਂ 2 ਦਿਨਾਂ ਕਾਰਜਸ਼ਾਲਾ ਕਰਵਾਈ ਗਈ ਜਿਸ ਦਾ ਵਿਸ਼ਾ ਸੀ 'ਯੁਵਾ ਵੈਟਰਨਰੀ ਸਿੱਖਿਆਰਥੀਆਂ ਨੂੰ ਛੋਟੇ ਦੁਧਾਰੂ ਜਾਨਵਰਾਂ ਦੀ ਸਿਹਤ ਤੇ ਪ੍ਰਬੰਧਾਂ ਸਬੰਧੀ ਸਿੱਖਿਅਤ ਕਰਨਾ'। ਇਹ ਸਿਖਲਾਈ ਸੰਸਥਾ ਵਿਕਾਸ ਯੋਜਨਾ ਤਹਿਤ ਕਰਵਾਈ ਗਈ ਜੋ ਖੇਤੀਬਾੜੀ ਸਬੰਧੀ ਉੱਚ ਸਿੱਖਿਆ ਦੇ ਕੌਮੀ ਪ੍ਰਰੋਗਰਾਮ ਤਹਿਤ ਆਉਂਦੀ ਹੈ।

ਵੈਟਰਨਰੀ ਕਾਲਜ ਦੇ ਡੀਨ ਡਾ. ਪ੍ਰਕਾਸ਼ ਸਿੰਘ ਬਰਾੜ ਜੋ ਕਿ ਇਸ ਯੋਜਨਾ ਦੇ ਯੂਨੀਵਰਸਿਟੀ ਵਿਖੇ ਮੁੱਖ ਨਿਰੀਖਕ ਹਨ ਨੇ ਜਾਣਕਾਰੀ ਦਿੱਤੀ ਕਿ ਵੈਟਰਨਰੀ ਦੇ 50 ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਇਸ ਦੇ ਤਹਿਤ ਯੂਨੀਵਰਸਿਟੀ ਵੱਖ ਵੱਖ ਵਰਕਸ਼ਾਪਾਂ, ਪ੍ਰਯੋਗੀ ਗਿਆਨ, ਵਿਦਿਆਰਥੀਆਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਦੌਰੇ ਅਤੇ ਉਦਯੋਗਿਕ ਇਕਾਈਆਂ ਨਾਲ ਉਨ੍ਹਾਂ ਦਾ ਤਾਲਮੇਲ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਮੁਹਾਰਤ ਹਾਸਿਲ ਕਰ ਸਕਣ। ਇਸ ਕਾਰਜਸ਼ਾਲਾ ਲਈ ਕੈਨੇਡਾ ਦੇ ਓਂਟਾਰੀਓ ਵੈਟਰਨਰੀ ਕਾਲਜ ਤੋਂ ਡਾ. ਪਾਉਲਾ ਮੈਨਜੀਜ਼ ਮੁੱਖ ਬੁਲਾਰੇ ਦੇ ਤੌਰ 'ਤੇ ਆਏ। ਪ੍ਰਬੰਧਕੀ ਸਕੱਤਰ ਡਾ. ਮਨੀਸ਼ ਕੁਮਾਰ ਚਾਟਲੀ ਤੇ ਜਾਇੰਟ ਪ੍ਰਬੰਧਕੀ ਸਕੱਤਰ ਡਾ. ਰਾਜੇਸ਼ ਕਸਰੀਜਾ ਤੇ ਨਿਤਿਨ ਮਹਿਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਲੈਕਚਰ ਗਿਆਨ ਦੇ ਨਾਲ ਨਾਲ ਪ੍ਰਯੋਗੀ ਗਿਆਨ ਦਿੱਤਾ ਗਿਆਾ। ਡਾ. ਪਾਉਲਾ ਨੇ ਇਨ੍ਹਾਂ ਫਾਰਮਾਂ ਦੀ ਜੈਵਿਕ ਸੁਰੱਖਿਆ ਬਾਰੇ ਗੱਲ ਕਰਦਿਆਂ ਵੱਖੋ-ਵੱਖਰੀਆਂ ਜੀਵਾਣੂ ਤੇ ਵਿਸ਼ਾਣੂ ਬਿਮਾਰੀਆਂ ਸੰਬੰਧੀ ਵੀ ਚਰਚਾ ਕੀਤੀ। ਇਨ੍ਹਾਂ ਜਾਨਵਰਾਂ ਦੇ ਸ਼ੈਡ, ਖੁਰਾਕ, ਪ੍ਰਜਣਨ ਪ੍ਰਬੰਧ, ਜਾਨਵਰਾਂ ਦੀ ਚੋਣ, ਮਸਨੂਈ ਗਰਭਦਾਨ ਅਤੇ ਗੱਭਣ ਪਸ਼ੂ ਦੀ ਪਛਾਣ ਸਬੰਧੀ ਵਿਦਿਆਰਥੀਆਂ ਨੂੰ ਮੁਹਾਰਤ ਦਿੱਤੀ ਗਈ। ਡਾ. ਕਸਰੀਜਾ ਨੇ ਬੱਕਰੀ ਪਾਲਣ ਵਿਚ ਉਦਮੀ ਵਿਕਾਸ ਬਾਰੇ ਗਿਆਨ ਚਰਚਾ ਕੀਤੀ ਜਦਕਿ ਡਾ. ਵਰਿੰਦਰ ਪਾਲ ਸਿੰਘ ਅਰਥਸ਼ਾਸਤਰੀ ਨੇ ਬੱਕਰੀ ਫਾਰਮ ਦੀ ਆਰਥਿਕਤਾ ਬਾਰੇ ਚਾਨਣ ਪਾਇਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਕਾਰਜਸ਼ਾਲਾ ਕਰਵਾਉਣ ਵਾਲੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀ ਉੱਦਮੀ ਵਿਕਾਸ ਕਲਾ ਵਿਚ ਮਾਹਿਰ ਹੋਣਗੇ ਤੇ ਨੌਕਰੀਆਂ ਲੱਭਣ ਦੀ ਜਗ੍ਹਾ ਆਪ ਨੌਕਰੀਆਂ ਦੇਣ ਵਾਲੇ ਬਣਨਗੇ।