ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਤਿਆਰ ਹੋਣ ਲਈ ਬਿਊਟੀ ਪਾਰਲਰ ਤੇ ਗਈ 22 ਵਰ੍ਹਿਆਂ ਦੀ ਔਰਤ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ ।ਇਸ ਮਾਮਲੇ ਵਿਚ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ।ਲਿਹਾਜ਼ਾ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨ ਉੱਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰੂ ਗਿਆਨ ਵਿਹਾਰ ਦੇ ਵਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ 10 ਜਨਵਰੀ ਨੂੰ ਉਸ ਦੀ ਪਤਨੀ ਸਰਾਭਾ ਨਗਰ ਇਲਾਕੇ ਵਿੱਚ ਤਿਆਰ ਹੋਣ ਲਈ ਹੀ ਵਰਿੰਦਾ ਬਿਊਟੀ ਪਾਰਲਰ ਤੇ ਗਈ।

ਕਈ ਘੰਟਿਆਂ ਤੱਕ ਵੀ ਜਦ ਉਹ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ। ਰਿਸ਼ਤੇਦਾਰਾਂ ਅਤੇ ਵਾਕਫ਼ ਵਿਅਕਤੀਆਂ ਕੋਲੋਂ ਜਾਣਕਾਰੀਆਂ ਲੈਣ ਦੇ ਬਾਵਜੂਦ ਵੀ ਕਈ ਦਿਨਾਂ ਤਕ ਔਰਤ ਸਬੰਧੀ ਕੋਈ ਜਾਣਕਾਰੀ ਨਾ ਮਿਲੀ। ਕਾਰੋਬਾਰੀ ਨੇ ਆਪਣੇ ਜ਼ਰੀਏ ਪਤਨੀ ਦੀ ਤਲਾਸ਼ ਸ਼ੁਰੂ ਕੀਤੀ ਪਰ ਉਹ ਸਫਲ ਨਾ ਹੋ ਸਕੇ। ਪਰਿਵਾਰਕ ਮੈਂਬਰਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਔਰਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਰੱਖਿਆ ਹੋਇਆ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਵੀਜ਼ਨ ਨੰਬਰ 5ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਗਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰ ਕੇ ਔਰਤ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।

Posted By: Jagjit Singh