ਸਟਾਫ ਰਿਪੋਰਟਰ, ਜਗਰਾਓਂ : ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਘਰ ਦੀ ਕੱਢੀ ਸ਼ਰਾਬ ਸ਼ਰ੍ਹੇਆਮ ਘਰ 'ਚ ਗਾਹਕਾਂ ਨੂੰ ਵੇਚਦਿਆਂ ਇਕ ਅੌਰਤ ਨੂੰ ਗਿ੍ਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਥਾਣੇਦਾਰ ਮਨਜੀਤ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਕੋਟਉਮਰਾ ਵਿਖੇ ਗੁਰਦੇਵ ਕੌਰ ਪਤਨੀ ਰਾਮ ਸਿੰਘ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ।
ਅੱਜ ਵੀ ਉਹ ਘਰ ਦੀ ਕੱਢੀ ਸ਼ਰਾਬ ਦੀ ਕੈਨ ਭਰਕੇ ਘਰ 'ਚ ਹੀ ਗਾਹਕਾਂ ਨੂੰ ਵੇਚ ਰਹੀ ਹੈ, ਜਿਸ 'ਤੇ ਪੁਲਿਸ ਨੇ ਛਾਪਾ ਮਾਰਿਆ ਤਾਂ ਉਕਤ ਅੌਰਤ ਨੂੰ 32 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਸਿੱਧਵਾਂ ਬੇਟ ਦੇ ਏਐੱਸਆਈ ਬਲਜਿੰਦਰ ਕੁਮਾਰ ਨੇ ਪੁਲ ਨਹਿਰ ਸਿੱਧਵਾਂ ਬੇਟ ਵਿਖੇ ਗਸ਼ਤ ਦੌਰਾਨ ਸਿੱਧਵਾਂ ਬੇਟ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਰੋਕਿਆ ਤਾਂ ਉਸ ਦੇ ਮੋਟਰਸਾਈਕਲ ਪਿੱਛੇ ਰੱਖੇ ਗੱਟੂ ਦੀ ਤਲਾਸ਼ੀ ਲਈ ਤਾਂ ਉਸ 'ਚੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਜੋ ਉਸ ਨੇ ਪਲਾਸਟਿਕ ਦੇ ਲਿਫਾਫਿਆਂ ਵਿਚ ਭਰ ਕੇ ਰੱਖੀ ਹੋਈ ਸੀ। ਉਕਤ ਦੋਵਾਂ ਮਾਮਲਿਆਂ 'ਚ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ।