ਕੁਲਵਿੰਦਰ ਸਿੰਘ ਰਾਏ, ਖੰਨਾ

ਵਿਧਾਇਕ ਗੁਰਕੀਰਤ ਕੋਟਲੀ ਵੱਲੋਂ ਕਈ ਅਜਿਹੇ ਸਿਆਸੀ ਸਮਾਗਮ ਕੀਤੇ ਗਏ, ਜਿਸ 'ਚ ਇਕੱਠ ਦੌਰਾਨ ਸਰੀਰਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਰਹੀਆਂ। ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਕਰਵਾਈ ਕਰਨ ਦੀ ਥਾਂ, ਸਿਆਸੀ ਆਗੂਆਂ ਦੀ ਆਓਭਗਤ ਕੀਤੀ ਜਾਂਦੀ ਰਹੀ ਹੈ। ਸਿਆਸੀ ਆਗੂਆਂ ਦੀ ਚੌਧਰ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਲੋਕਾਂ 'ਤੇ ਭਾਰੂ ਪੈ ਸਕਦੀ ਹੈ, ਕਿਉਂਕਿ ਕਾਂਗਰਸ ਦੇ ਇਕੱਠ 'ਚ ਸ਼ਾਮਲ ਹੋਣ ਵਾਲੀ ਇਕ ਅੌਰਤ ਆਗੂ ਦੀ ਨੇੜਲੀ ਸਾਥਣ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਪਾਜ਼ੇਟਿਵ ਅੌਰਤ ਖੰਨਾ ਦੇ ਅਮਲੋਹ ਰੋਡ ਸਥਿਤ ਸ਼ਹੀਦ ਭਗਤ ਸਿੰਘ ਕਲੋਨੀ ਦੀ ਰਹਿਣ ਵਾਲੀ 55 ਸਾਲ ਦੀ ਅੌਰਤ ਹੈ, ਜਿਸ ਦੀ ਮੰਗਲਵਾਰ ਨੂੰ ਤੀਜੀ ਵਾਰ ਆਈ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।

-ਪਹਿਲੀਆਂ ਦੋ ਰਿਪੋਰਟਾਂ ਨੈਗੇਟਿਵ, ਤੀਜੀ ਪਾਜ਼ੇਟਿਵ

ਦੱਸਣਯੋਗ ਹੈ ਕਿ ਅੌਰਤ ਕੁਝ ਸਮੇਂ ਤੋਂ ਬਿਮਾਰ ਸੀ ਤੇ ਉਸਨੂੰ ਬੁਖਾਰ ਅਤੇ ਖਾਂਸੀ ਸੀ। ਉਸ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅੌਰਤ ਦਾ ਖੰਨਾ ਸਿਵਲ ਹਸਪਤਾਲ 'ਚ ਸੈਂਪਲ ਲੈਣ ਦੇ ਬਾਅਦ ਉਸਨੂੰ ਪਟਿਆਲੇ ਦੇ ਰਾਜਿੰਦਰਾ ਹਸਪਤਾਲ 'ਚ ਭੇਜ ਦਿੱਤਾ ਗਿਆ ਸੀ। ਅੌਰਤ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਸੀ, ਉਸ ਤੋਂ ਬਾਅਦ ਪਟਿਆਲਾ 'ਚ ਉਸਦਾ ਰੈਪਿਡ ਟੈਸਟ ਲਿਆ ਗਿਆ, ਉਹ ਵੀ ਨੈਗੇਟਿਵ ਆਇਆ। ਅੌਰਤ 'ਚ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹੋਣ ਕਰਕੇ, ਉਸਦਾ ਤੀਜੀ ਵਾਰ ਸੈਂਪਲ ਲਿਆ ਗਿਆ। ਇਸ ਵਾਰ ਸੈਂਪਲ ਦੀ ਜਾਂਚ 'ਚ ਮੰਗਲਵਾਰ ਨੂੰ ਰਿਪੋਰਟ ਪਾਜ਼ੇਟਿਵ ਆਈ ਹੈ। ਸਥਾਨਕ ਕੌਂਸਲ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਕਲੋਨੀ 'ਚ ਅੌਰਤ ਦੇ ਘਰ ਦੇ ਆਸ-ਪਾਸ ਦੇ ਇਲਾਕੇ ਨੂੰ ਸੈਨੇਟਾਈਜ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅੌਰਤ ਦੇ ਪਰਿਵਾਰ ਤੇ ਹੋਰ ਸੰਪਰਕ 'ਚ ਆਏ ਲੋਕਾਂ ਦੀ ਪਹਿਚਾਣ ਕਰਕੇ ਇਕਾਂਤਵਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

-ਵਜ਼ੀਰ ਸਿੱਧੂ ਦੇ ਸਮਾਗਮ 'ਚ ਸੀ ਅੌਰਤ ਦੀ ਨਜ਼ਦੀਕੀ

ਪਾਜ਼ੇਟਿਵ ਅੌਰਤ ਦੇ ਸਪੰਰਕ ਸ਼ਹਿਰ 'ਚ ਖ਼ਤਰਨਾਕ ਬਣ ਸਕਦੇ ਹਨ ਕਿਉਂਕਿ ਸੂਤਰਾਂ ਦੇ ਹਵਾਲੇ ਨਾਲ ਚੌਂਕਾਉਣ ਵਾਲੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਕਿ ਕੋਰੋਨਾ ਪਾਜ਼ੇਟਿਵ ਆਈ ਅੌਰਤ ਇੱਕ ਕਾਂਗਰਸ ਮਹਿਲਾ ਆਗੂ ਦੇ ਬੇਹੱਦ ਨਜ਼ਦੀਕ ਹੈ ਤੇ ਜਿਆਦਾਤਰ ਸਮਾਂ ਉਹ ਉਸ ਮਹਿਲਾ ਆਗੂ ਦੇ ਨਾਲ ਗੁਜ਼ਾਰਦੀ ਸੀ। ਇਹ ਮਹਿਲਾ ਆਗੂ ਸੋਮਵਾਰ ਨੂੰ ਹੋਏ ਕਾਂਗਰਸ ਦੇ ਦੋ ਸਮਾਗਮ 'ਚ ਮੌਜੂਦ ਸੀ। ਸਮਾਗਮ 'ਚ ਸਿਵਲ ਹਸਪਤਾਲ ਖੰਨਾ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਵਿਧਾਇਕ ਗੁਰਪ੍ਰਰੀਤ ਸਿੰਘ ਜੀਪੀ ਤੇ ਹੋਰ ਕਾਂਗਰਸੀ ਆਗੂ ਸ਼ਾਮਲ ਸਨ। ਦੋਵੇਂ ਸਮਾਗਮਾਂ 'ਚ ਕਾਂਗਰਸੀਆਂ ਵੱਲੋਂ ਸਰੀਰਕ ਦੂਰੀ ਦੇ ਨਿਯਮਾਂ ਤੋੜੇ ਗਏ। ਪ੍ਰਸਾਸ਼ਨ ਵੀ ਮੂਕ ਦਰਸ਼ਕ ਬਣ ਕੇ ਸਭ ਦੇਖਦਾ ਰਿਹਾ।

-ਅੌਰਤ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਸੈਂਪਲ ਜਾਂਚ ਲਈ ਭੇਜਾਂਗੇ : ਐੱਸਐੱਮਓ

ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਪਰਿਵਾਰ ਦੇ ਲੋਕਾਂ ਤੇ ਉਸਦੇ ਸੰਪਰਕ 'ਚ ਆਏ ਲੋਕਾਂ ਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਅੌਰਤ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇਕਾਂਤਵਾਸ ਕਰਕੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ।

-ਜਾਂਚ ਕਰਵਾਉਂਦੇ ਹਾਂ : ਐੱਸਡੀਐੱਮ

ਸਰੀਰਕ ਦੂਰੀ ਦੀ ਪਾਲਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ।