ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੋਵਿਡ-19 ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾ ਕੇ ਪਰਤ ਰਹੀ ਅੌਰਤ ਨੂੰ ਤੇਜ਼ ਰਫਤਾਰ ਟੈਂਪੂ ਨੇ ਦਰੜ ਦਿੱਤਾ। ਅੌਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ ਜੱਸੀਆਂ ਦੇ ਰਹਿਣ ਵਾਲੇ ਦਲਜੀਤ ਸਿੰਘ ਦੇ ਬਿਆਨਾਂ 'ਤੇ ਟੈਂਪੂ ਚਾਲਕ ਡੇਹਲੋਂ ਵਾਸੀ ਚੰਦ ਕਿਸ਼ੋਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਤਾ ਸਤਪਾਲ ਕੌਰ (52) ਨੂੰ ਵੈਕਸੀਨ ਲਗਵਾ ਕੇ ਓਸਵਾਲ ਹਸਪਤਾਲ ਤੋਂ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਜਿਵੇਂ ਉਹ ਜੀਟੀ ਰੋਡ 'ਤੇ ਪੈਂਦੇ ਹੋਟਲ ਵੀ ਟੂ ਵੀ ਨੇੜੇ ਪੁੱਜੇ ਤਾਂ ਤੇਜ਼ ਰਫ਼ਤਾਰ ਟੈਂਪੂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਟਰੱਕ ਹੇਠ ਆਉਣ ਕਾਰਨ ਉਸ ਦੀ ਮਾਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਚਾਲਕ ਟੈਂਪੂ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਪੁਲਿਸ ਨੇ ਟੈਂਪੂ ਚਾਲਕ ਚੰਦ ਕਿਸ਼ੋਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।