ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨੌਜਵਾਨ ਵੱਲੋਂ ਔਰਤ ਦੀਆਂ ਅਸ਼ਲੀਲ ਤਸਵੀਰਾਂ ਤਿਆਰ ਕਰਨ 'ਤੇ ਔਰਤ ਇਸ ਕਦਰ ਸ਼ਰਮਸਾਰ ਹੋ ਗਈ ਕਿ ਉਸ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਿਸ ਨੇ ਮ੍ਰਿਤਕਾ ਦੀ ਬੇਟੀ ਦੇ ਬਿਆਨਾਂ 'ਤੇ ਨਿਰਮਲ ਨਗਰ ਦੇ ਰਹਿਣ ਵਾਲੇ ਰੁਪਿੰਦਰ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਬੇਟੀ ਨੇ ਦੱਸਿਆ ਕਿ ਨਿਰਮਲ ਨਗਰ ਦੁੱਗਰੀ ਦਾ ਰਹਿਣ ਵਾਲਾ ਰੁਪਿੰਦਰ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਮਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਰੁਪਿੰਦਰ ਨੇ ਉਸ ਦੀ ਮਾਂ ਦੀਆਂ ਕੁਝ ਅਸ਼ਲੀਲ ਤਸਵੀਰਾਂ ਤਿਆਰ ਕੀਤੀਆਂ। ਔਰਤ ਨੂੰ ਤਸਵੀਰਾਂ ਸਬੰਧੀ ਜਿਸ ਤਰ੍ਹਾਂ ਹੀ ਜਾਣਕਾਰੀ ਮਿਲੀ ਉਹ ਬੇਹੱਦ ਪਰੇਸ਼ਾਨ ਹੋ ਗਈ। ਸਮਾਜ 'ਚ ਹੋਣ ਵਾਲੀ ਬਦਨਾਮੀ ਦੇ ਡਰ ਤੋਂ ਔਰਤ ਨੇ ਗਿੱਲ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਡੇਹਲੋਂ ਦੇ ਏਐੱਸਆਈ ਜੀਵਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮ੍ਰਿਤਕਾ ਦੀ ਬੇਟੀ ਦੇ ਬਿਆਨਾਂ 'ਤੇ ਮੁਲਜ਼ਮ ਰੁਪਿੰਦਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Posted By: Amita Verma