ਜੇਐੱਨਐੱਨ, ਲੁਧਿਆਣਾ : ਬਸਤੀ ਜੋਧੇਵਾਲ ਇਲਾਕੇ 'ਚ ਪਤਨੀ ਨੇ ਪਤੀ ਨਾਲ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਪੱਖੇ ਨਾਲ ਫੰਦਾ ਲਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਉਸਦੇ ਪਤੀ ਨੇ ਤੁਰੰਤ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ। ਮਾਮਲੇ ਦੀ ਸੂਚਨਾ ਸਿਵਲ ਹਸਪਤਾਲ ਦੁਆਰਾ ਥਾਣਾ ਬਸਤੀ ਜੋਧੇਵਾਲ ਪੁਲਿਸ ਨੂੰ ਭੇਜ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਬਸਤੀ ਜੋਧੇਵਾਲ ਦੀ ਰਹਿਣ ਵਾਲੀ 26 ਸਾਲਾ ਪੂਨਮ ਦਾ ਵਿਆਹ ਜਤਿੰਦਰ ਨਾਲ 7 ਸਾਲ ਪਹਿਲਾਂ ਹੋਇਆ ਸੀ ਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ। ਸੋਮਵਾਰ ਦੁਪਹਿਰ ਪਤੀ ਪਤਨੀ 'ਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਉਸਦੀ ਪਤਨੀ ਗੁੱਸੇ 'ਚ ਕਮਰੇ ਵਿਚ ਗਈ ਤੇ ਉਸ ਨੇ ਪੱਖੇ ਨਾਲ ਚੁੰਨੀ ਦੇ ਸਹਾਰੇ ਲਟਕ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਸ ਨੇ ਦੇਖ ਲਿਆ ਤੇ ਉਸ ਨੂੰ ਤੁਰੰਤ ਹੇਠਾਂ ਉਤਾਰਿਆ। ਉਸ ਸਮੇਂ ਤਕ ਉਸਦੀ ਪਤਨੀ ਦੀ ਹਾਲਤ ਕੁਝ ਖ਼ਰਾਬ ਹੋ ਚੁੱਕੀ ਸੀ ਜਿਸ ਨੇ ਲੋਕਾਂ ਦੀ ਸਹਾਇਤਾ ਨਾਲ ਆਪਣੀ ਪਤਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਾਖ਼ਲ ਕਰ ਲਿਆ ਗਿਆ।