ਪ੍ਰਸ਼ਾਸਨ ਨੇ ਰੁਕਵਾਈ ਪੁਲ ਨਜ਼ਦੀਕ ਚੱਲ ਰਹੀ ਮਾਈਨਿੰਗ
ਧਰਨਾਕਾਰੀਆਂ ਨੇ ਸੜਕ ਘੇਰੀ ਤਾਂ ਪ੍ਰਸ਼ਾਸਨ ਨੇ ਰੁਕਵਾਈ ਪੁਲ ਨਜ਼ਦੀਕ ਚੱਲ ਰਹੀ ਮਾਈਨਿੰਗ
Publish Date: Mon, 08 Dec 2025 08:54 PM (IST)
Updated Date: Tue, 09 Dec 2025 04:18 AM (IST)

-ਤਹਿਸੀਲਦਾਰ ਜਗਰਾਓਂ ਨੇ ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਜਗਰਾਓਂ-ਜਲੰਧਰ ਰੋਡ ਤੇ ਪੈਂਦੇ ਦਰਿਆ ਸਤਲੁਜ ਦੇ ਪੁਲ ਨਜ਼ਦੀਕ ਰੇਤ ਮਾਫੀਏ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜੱਥੇਬੰਦੀਆਂ ਨੇ ਤਿੰਨ ਘੰਟੇ ਸੜਕ ’ਤੇ ਚੱਕਾ ਜਾਮ ਕਰਦਿਆਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਹੱਥਾਂ ਪੈਰਾਂ ਵਿਚ ਆਏ ਪ੍ਰਸ਼ਾਸਨ ਨੇ ਨਜਾਇਜ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਵਿਭਾਗ ਨਾਲ ਗੱਲ ਕਰਕੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ। ਸੋਮਵਾਰ ਨੂੰ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਭਾਕਿਯੂ ਡਕੌਂਦਾ, ਆਲ ਇੰਡੀਆ ਕਿਸਾਨ ਸਭਾ ਵੱਲੋਂ ਧਰਨਾ ਦਿੰਦਿਆਂ ਧੜੱਲੇ ਨਾਲ ਚੱਲ ਰਹੀ ਨਜਾਇਜ ਮਾਈਨਿੰਗ ’ਤੇ ਸੱਤਾਧਿਰ ਦਾ ਸਿੱਧਾ ਹੱਥ ਹੋਣ ਦੇ ਗੰਭੀਰ ਦੋਸ਼ ਲਗਾਏ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਗੋਰਸੀਆਂ, ਬਲਰਾਜ ਸਿੰਘ ਕੋਟ ਉਮਰਾ, ਸਤਨਾਮ ਸਿੰਘ, ਕੇਵਲ ਸਿੰਘ ਖੈਹਿਰਾ ਅਤੇ ਮੇਜਰ ਸਿੰਘ ਖੁਰਲਾਪੁਰ ਨੇ ਆਖਿਆ ਕਿ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਰੇਤ ਮਾਫੀਏ ਦੇ ਲੋਕਾਂ ਵੱਲੋਂ ਨਿੱਡਰ ਹੋ ਕੇ ਗਲਤ ਤਰੀਕੇ ਨਾਲ ਰੇਤ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀ ਰੇਤ ਮਾਫੀਏ ਨੂੰ ਨੱਥ ਪਾਉਣ ਲਈ ਕੋਈ ਸਰਗਰਮੀ ਨਹੀਂ ਦਿਖਾ ਰਿਹਾ। ਜਿਸ ਕਾਰਨ ਰੇਤ ਮਾਫੀਏ ਦੇ ਲੋਕ ਡਰਾਉਣ-ਧਮਕਾਉਣ ਦਾ ਕੰਮ ਕਰ ਰਹੇ ਹਨ। ਜਗਰਾਓਂ ਦੇ ਤਹਿਸੀਲਦਾਰ ਵਰਿੰਦਰ ਭਾਟੀਆ, ਡੀਐੱਸਪੀ (ਡੀ) ਜਤਿੰਦਰ ਸਿੰਘ ਅਤੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਪੁਲ ਨਜ਼ਦੀਕ ਚੱਲ ਰਹੇ ਰੇਤ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਉਪਰੰਤ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਇਕ ਵਾਰ ਤਾਂ ਧਰਨਾਕਾਰੀਆਂ ਵੱਲੋਂ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਜੇਕਰ ਦੋ ਦਿਨਾਂ ਬਾਅਦ ਵੀ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਮੁੜ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪਿੰਡ ਮੱਧੇਪੁਰ ਦੇ ਕੁਝ ਲੋਕਾਂ ਵੱਲੋਂ ਵੀ ਰੇਤ ਮਾਫੀਏ ਦੇ ਹੱਕ ਵਿੱਚ ਧਰਨਾ ਲਗਾਉਣ ਦੀ ਇਹ ਕਹਿੰਦਿਆਂ ਕੋਸ਼ਿਸ਼ ਕੀਤੀ ਗਈ ਕਿ ਸਾਡੇ ਇਸ ਖੱਡ ਦੇ ਚੱਲਣ ਨਾਲ ਪਿੰਡ ਦੇ ਲੋਕਾਂ ਨੂੰ ਮਜ਼ਦੂਰੀ ਮਿਲ ਰਹੀ ਹੈ। ਪ੍ਰੰਤੂ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਧਰਨਾ ਲਗਾਉਣ ਤੋਂ ਰੋਕ ਦਿੱਤਾ ਗਿਆ। ਉਪਰੰਤ ਮਾਹੌਲ ਸ਼ਾਂਤ ਹੋਇਆ।