ਕੁਲਵਿੰਦਰ ਸਿੰਘ ਰਾਏ, ਖੰਨਾ

ਕੋਰੋਨਾ ਵਾਇਰਸ ਦੇ ਖੌਫ਼ ਦੇ ਦੌਰਾਨ ਲੋਕਾਂ 'ਚ ਰਾਸ਼ਨ ਨੂੰ ਲੈ ਕੇ ਵੀ ਲੜਾਈ-ਝਗੜੇ ਸਾਹਮਣੇ ਆ ਰਹੇ ਹਨ। ਆਟਾ ਦਾਲ ਸਕੀਮ ਤਹਿਤ ਪਿੰਡ ਬੂਲੇਪੁਰ ਵਿਖੇ ਵੰਡਿਆ ਜਾਣ ਵਾਲਾ ਰਾਸ਼ਨ ਮੰਗਲਵਾਰ ਨੂੰ ਝਗੜੇ ਦਾ ਕਾਰਨ ਬਣ ਗਿਆ, ਜਿਸ ਕਰਕੇ ਪਿੰਡ ਦੀਆਂ ਦੋ ਧਿਰਾਂ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਹੱਥੋਪਾਈ ਕਰਨ 'ਤੇ ਉਤਾਰੂ ਹੋ ਗਈਆਂ।

ਇਸ ਦੌਰਾਨ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਤੇ ਸਹਿਕਾਰੀ ਸਭਾ ਪਿੰਡ ਬੂਲੇਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਗੁੱਥਮ-ਗੁੱਥੀ ਹੋ ਗਏ, ਜਿਨ੍ਹਾਂ ਨੇ ਪਿੰਡ ਦੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਛੁਡਾਇਆ ਗਿਆ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ 'ਤੇ ਦਾੜ੍ਹੀ ਪੁੱਟਣ ਦੇ ਇਲਜਾਮ ਤਕ ਲਾਏ ਗਏ। ਝਗੜੇ ਦਾ ਇਹ ਮਾਮਲਾ ਥਾਣੇ ਪੁੱਜ ਗਿਆ ਤੇ ਦੋਵਾਂ ਧਿਰਾਂ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਬੂਲੇਪੁਰ ਦੀ ਲੜਾਈ ਦਾ ਪਤਾ ਲੱਗਣ 'ਤੇ ਦੋਵੇਂ ਧਿਰਾਂ ਦੇ ਵਿਅਕਤੀ ਥਾਣੇ ਪੁੱਜੇ ਅਤੇ ਆਪਣੀਆਂ ਸ਼ਿਕਾਇਤਾਂ ਦਿੱਤੀਆਂ।

ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਆਟਾ ਦਾਲ ਸਕੀਮ ਤਹਿਤ ਰਾਸ਼ਨ ਵੰਡਿਆ ਜਾ ਰਿਹਾ ਸੀ। ਬਜ਼ੁਰਗ ਮਾਤਾਵਾਂ ਦੀ ਸਹੂਲਤ ਲਈ ਪਹਿਲਾਂ ਹਰ ਵਾਰ ਪਿੰਡ 'ਚ ਦੋ ਥਾਵਾਂ 'ਤੇ ਰਾਸ਼ਨ ਵੰਡਿਆ ਜਾਂਦਾ ਸੀ ਪਰ ਮੰਗਲਵਾਰ ਨੂੰੂ ਕਾਂਗਰਸ ਦੇ ਬੰਦਿਆਂ ਦੇ ਕਹਿਣ 'ਤੇ ਸਿਰਫ਼ ਇਕ ਪਾਸੇ ਹੀ ਕਣਕ ਵੰਡੀ ਜਾ ਰਹੀ ਸੀ, ਜਦੋਂ ਉਨ੍ਹਾਂ ਨੇ ਵਿਭਾਗ ਦੇ ਮੁਲਾਜ਼ਮਾਂ ਨੂੰ ਦੂਜੀ ਥਾਂ ਜਾ ਕੇ ਕਣਕ ਵੰਡਣ ਲਈ ਕਿਹਾ ਤਾਂ ਕਾਂਗਰਸੀ ਦੇ ਕਹਿਣ 'ਤੇ ਵੰਡਣ ਤੋਂ ਨਾਂਹ ਕੀਤੀ। ਕਣਕ ਵੰਡਣ 'ਚ ਪੱਖਪਾਤ ਕੀਤਾ ਜਾ ਰਿਹਾ ਸੀ। ਉਹ ਸਾਥੀਆਂ ਨਾਲ ਹਾਲੇ ਮੁਲਾਜ਼ਮਾਂ ਨਾਲ ਗੱਲ ਕਰ ਹੀ ਰਹੇ ਸਨ ਕਿ ਇਸ ਦੌਰਾਨ ਇੰਦਰਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਆ ਕੇ ਉਸ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਧੱਕਾਮੁੱਕੀ ਕਰਦੇ ਹੋਏ ਇੰਦਰਜੀਤ ਸਿੰਘ ਨੇ ਉਸ ਦੀ ਦਾੜ੍ਹੀ ਪੁੱਟ ਦਿੱਤੀ। ਪਿੰਡ ਵਾਸੀਆਂ ਨੇ ਉਸਦੀ ਚੁੰਗਲ 'ਚੋਂ ਉਸ ਨੂੰ ਛੁਡਾਇਆ।

ਦੂਜੇ ਪਾਸੇ ਇੰਦਰਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਪਿੰਡ ਬੂਲੇਪੁਰ ਨੇ ਕਿਹਾ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹੈ ਸੀ, ਉਹ ਕਣਕ ਵੰਡਣ ਸਮੇਂ ਮੌਜੂਦ ਸਨ ਤਾਂ ਯਾਦਵਿੰਦਰ ਸਿੰਘ ਯਾਦੂ, ਸਰਪੰਚ ਗੁਰਮੀਤ ਸਿੰਘ, ਸਤਵਿੰਦਰ ਸਿੰਘ ਮੋਨੂੰ, ਸਵਰਨ ਸਿੰਘ ਤੇ ਹਰਦੀਪ ਸਿੰਘ ਨੇ ਪਿੰਡ 'ਚ ਦੂਜੀ ਥਾਂ ਆਪਣੇ ਬੰਦਿਆਂ ਨੂੰ ਕਣਕ ਵੰਡਣ ਲਈ ਕਹਿਣ ਲੱਗੇ ਤੇ ਕਣਕ ਵੰਡਦਿਆਂ ਨੂੰ ਰੋਕਿਆ। ਬਾਅਦ 'ਚ ਉਨ੍ਹਾਂ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਤੇ ਉਸਦੀ ਦਾੜ੍ਹੀ ਪੁੂੱਟ ਦਿੱਤੀ।

ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਉਸ ਨੇ ਦੂਜੀ ਧਿਰ ਦੀ ਕੋਈ ਕੁੱਟਮਾਰ ਨਹੀਂ ਕੀਤੀ, ਸਗੋਂ ਉਹ ਤਾਂ ਦੋਵੇਂ ਧਿਰਾਂ ਨੂੰ ਹਟਾਉਣ 'ਚ ਲੱਗੇ ਹੋਏ ਸਨ। ਅਕਾਲੀ ਦਲ ਨਾਲ ਸਬੰਧਿਤ ਹੋਣ ਕਰਕੇ ਕਾਂਗਰਸੀ ਉਸਦਾ ਨਾਂਅ ਲੜ੍ਹਾਈ ਨਾਲ ਜੋੜ ਰਹੇ ਹਨ। ਉਨ੍ਹਾਂ ਨਾਲ ਰਾਜਿੰਦਰ ਸਿੰਘ ਜੀਤ, ਗੁਰਪ੍ਰਰੀਤ ਸਿੰਘ ਗੁਰੀ ਖੱਟੜਾ, ਹਰਜੀਤ ਸਿੰਘ ਭਾਟੀਆ ਵੀ ਮੌਜੂਦ ਸਨ। ਥਾਣਾ ਸਦਰ ਦੇ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਸ਼ਿਕਾਇਤ ਆ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।