ਜਗਦੇਵ ਗਰੇਵਾਲ, ਜੋਧਾਂ : ਪੰਜਾਬ ਸਰਕਾਰ ਵੱਲੋਂ ਲਿਫਾਫੇ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦੀ ਹਮਾਇਤ ਕੀਤੀ ਗਈ ਹੈ। ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਸਰਕਾਰ ਵੱਲੋਂ ਲਿਫਾਫੇ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ ਕਿਉਂਕਿ ਵਾਤਾਵਰਨ ਦਾ ਸੰਤੁਲਨ ਵਿਗਾੜਨ 'ਚ ਲਿਫਾਫੇ ਦਾ ਬਹੁਤ ਵੱਡਾ ਰੋਲ ਹੈ।

ਉਨ੍ਹਾਂ ਕਿਹਾ ਜਿੱਥੇ ਸਰਕਾਰ ਆਪਣੇ ਇਸ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਕੇ ਪੰਜਾਬ ਦੇ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ 'ਚ ਅਹਿਮ ਯੋਗਦਾਨ ਪਾ ਰਹੀ ਹੈ ਉਥੇ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲਿਫਾਫੇ ਦੀ ਪੱਕੇ ਤੌਰ 'ਤੇ ਵਰਤੋਂ ਕਰਨੀ ਬੰਦ ਕਰਕੇ ਦੇਸ਼ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਕਿਹਾ ਉਨ੍ਹਾਂ ਦੀ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਸੰਗਤ ਨੂੰ ਲਿਫਾਫੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦਾ ਕੰਮ ਕਰਦੀ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਲਿਫਾਫੇ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟਣ ਤੇ ਜੁਰਮਾਨੇ ਕਰਨ ਦੇ ਨਾਲ-ਨਾਲ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ।