ਪੰਜਾਬੀ ਜਾਗਰਣ ਟੀਮ, ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਚੌਥੇ ਦਿਨ ਵੀ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਹੋਈ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਬੁੱਧਵਾਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਸ਼ਾਮ ਨੂੰ ਨਵੇਂ ਸਿਰਿਓਂ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ। ਇਸ ਦੌਰਾਨ ਹਨੇਰੀ ਚੱਲਣ ਦੇ ਨਾਲ-ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। 24 ਮਾਰਚ ਨੂੰ ਗੜਬੜ ਵਾਲੀਆਂ ਪੱਛਮੀ ਪੌਣਾਂ ਦਾ ਅਸਰ ਜ਼ਿਆਦਾ ਹੋਵੇਗਾ। ਇਸ ਕਾਰਨ ਪੂਰੇ ਪੰਜਾਬ ’ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲ ਸਕਦੀ ਹੈ। ਬਾਰਿਸ਼ ਦੀ ਸੰਭਾਵਨਾ ਹੈ। ਖ਼ਰਾਬ ਮੌਸਮ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਮੰਗਲਵਾਰ ਨੂੰ ਪਟਿਆਲੇ ’ਚ ਸਭ ਤੋਂ ਜ਼ਿਆਦਾ 36.1 ਐੱਮਐੱਮ ਬਾਰਿਸ਼ ਹੋਈ। ਚੰਡੀਗੜ੍ਹ ’ਚ 41.8, ਗੁਰਦਾਸਪੁਰ ’ਚ 5.8, ਫ਼ਰੀਦਕੋਟ ’ਚ 2.8, ਫਿਰੋਜ਼ਪੁਰ ’ਚ 2.6, ਪਠਾਨਕੋਟ ’ਚ 0.4 ਐੱਮਐੱਮ ਬਾਰਿਸ਼ ਹੋਈ। ਇਸ ਤੋਂ ਇਲਾਵਾ ਲੁਧਿਆਣਾ ਸਮੇਤ ਕਈ ਹੋਰ ਥਾਵਾਂ ’ਤੇ ਵੀ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਪਿਛਲੇ ਚਾਰ ਦਿਨਾਂ ’ਚ ਪਟਿਆਲਾ ਤੇ ਅੰਮ੍ਰਿਤਸਰ ’ਚ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ’ਚ ਗੜੇਮਾਰੀ ਵੀ ਹੋਈ ਹੈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ’ਚ ਵੀ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਦੇ ਨਾਲ ਨਾਲ ਗੜੇ ਵੀ ਪਏ। ਰੁਕ-ਰੁਕ ਦੇ ਹੋ ਰਹੀ ਬਾਰਿਸ਼ ਕਾਰਨ ਦਿਨ ਦਾ ਤਾਪਮਾਨ ਘੱਟ ਦਰਜ ਕੀਤਾ ਜਾ ਰਿਹਾ ਹੈ ਜਦਕਿ ਰਾਤ ਦਾ ਤਾਪਮਾਨ ਪਿਛਲੇ ਤਿੰਨ ਦਿਨਾਂ ਤੋਂ ਸਾਧਾਰਨ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ।

Posted By: Shubham Kumar