ਜੇਐੱਨਐੱਨ, ਲੁਧਿਆਣਾ : ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਨਾਲ ਐਤਵਾਰ ਨੂੰ ਪੰਜਾਬ ਵਿਚ ਕਈ ਥਾਈਂ ਬੱਦਲ ਛਾਏ ਰਹੇ ਅਤੇ ਸੀਤ ਲਹਿਰ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰੀ ਰੱਖਿਆ। ਕਈ ਜ਼ਿਲ੍ਹੀਆਂ ਵਿਚ ਪੂਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਜਿਸ ਨਾਲ ਦਿਨ ਦੇ ਤਾਪਮਾਨ ਵਿਚ ਪੰਜ ਤੋਂ ਛੇ ਡਿਗਰੀ ਸੈਲਸੀਅਸ ਤਕ ਗਿਰਾਵਟ ਦਰਜ ਕੀਤੀ ਗਈ। ਹਾਲਾਂ ਕਿ ਰਾਤ ਦੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ।

ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਐਤਵਾਰ ਨੂੰ ਪਟਿਆਲੇ ਦਾ ਤਾਪਮਾਨ 8.6 ਡਿਗਰੀ, ਚੰਡੀਗੜ੍ਹ ਦਾ 11.2 ਡਿਗਰੀ, ਬਠਿੰਡੇ ਦਾ 5.6 ਡਿਗਰੀ, ਲੁਧਿਆਣੇ ਦਾ 8.2 ਡਿਗਰੀ ਤੇ ਅੰਮਿ੍ਤਸਰ ਦਾ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅਗਲੇ ਇਕ ਹਫ਼ਤੇ ਤਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਸੀਤ ਲਹਿਰ ਜ਼ੋਰ ਫੜੇਗੀ ਜਿਸ ਕਾਰਨ ਠੰਢ ਇਕਦਮ ਵਧੇਗੀ।

ਦਿੱਲੀ 'ਚ ਸਰਦੀ ਬਰਕਾਰ

ਨਵੀਂ ਦਿੱਲੀ : ਪੂਰੇ ਉੱਤਰੀ ਭਾਰਤ ਵਿਚ ਸਰਦੀ ਦਾ ਕਹਿਰ ਜਾਰੀ ਹੈ ਅਤੇ ਅਜੇ ਇਸ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ। ਠੰਢ ਦਾ ਆਲਮ ਇਹ ਹੈ ਕਿ ਐਤਵਾਰ ਨੂੰ ਰਾਜਧਾਨੀ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ ਇਕ ਦਹਾਕੇ ਦਾ ਰਿਕਾਰਡ ਤੋੜ ਦਿੱਤਾ। 24 ਜਨਵਰੀ ਦਾ ਦਿਨ 10 ਸਾਲਾਂ ਵਿਚ ਸਭ ਤੋਂ ਸਰਦ ਰਿਹਾ। ਸਵਰੇ ਸੰਘਣੀ ਧੁੰਦ ਕਾਰਨ ਦਿਸਣ ਹੱਦ 100 ਮੀਟਰ ਤਕ ਰਹੀ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਐਤਵਾਰ ਨੂੰ ਦਿੱਲੀ ਦਾ ਦਿਨ ਦਾ ਤਾਪਮਾਨ ਆਮ ਨਾਲੋਂ ਛੇ ਡਿਗਰੀ ਘੱਟ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ ਇਕ ਡਿਗਰੀ ਜ਼ਿਆਦਾ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 2012 ਤੋਂ ਹੁਣ ਤਕ 24 ਜਨਵਰੀ ਦੀ ਤਰੀਕ ਦਾ ਇਹ ਸਭ ਤੋਂ ਘੱਟ ਤਾਪਮਾਨ ਹੈ। 2012 ਵਿਚ ਇਹ 20.2 ਡਿਗਰੀ ਸੈਲਸੀਅਸ ਰਿਹਾ ਸੀ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਅਜੇ ਠੰਢ ਤੇ ਧੁੰਦ ਦਾ ਦੌਰ ਜਾਰੀ ਰਹੇਗਾ। ਸੋਮਵਾਰ ਨੂੰ ਮੌਸਮ ਸਾਫ਼ ਰਹੇਗਾ। ਸਵੇਰੇ ਸੰਘਣੀ ਧੁੰਦ ਪਵੇਗੀ।