ਜੇਐੱਨਐੱਨ, ਲੁਧਿਆਣਾ : ਪੰਜਾਬ ’ਚ ਗੜਬੜ ਵਾਲੀਆਂ ਪੱਛਮੀ ਪੌਣਾਂ ਦੀ ਸਰਗਰਮੀ ਕਾਰਨ ਲੰਘੇ ਐਤਵਾਰ ਤੇ ਸੋਮਵਾਰ ਨੂੰ ਬੱਦਲ ਛਾਏ ਰਹੇ ਤੇ ਕਈ ਜ਼ਿਲ੍ਹਿਆਂ ’ਚ ਹਲਕੀ ਤੇ ਤੇਜ਼ ਬਾਰਿਸ਼ ਹੋਈ। ਮੰਗਲਵਾਰ ਨੂੰ ਮੌਸਮ ਸਾਫ਼ ਹੋ ਗਿਆ ਤੇ ਤੇਜ਼ ਧੁੱਪ ਨਿਕਲੀ। ਹਾਲਾਂਕਿ ਧੁੱਪ ਦੌਰਾਨ ਪੰਜ ਤੋਂ ਛੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਨਾਲ ਗਰਮੀ ਮਹਿਸੂਸ ਨਹੀਂ ਹੋਈ। ਕਈ ਜ਼ਿਲ੍ਹਿਆਂ ’ਚ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਚਾਰ ਦਿਨ ਬਾਅਦ ਸੂਬੇ ਦਾ ਮੌਸਮ ਮੁੜ ਬਦਲਣ ਜਾ ਰਿਹਾ ਹੈ। ਗੜਬੜ ਵਾਲੀਆਂ ਪੱਛਮੀ ਪੌਣਾਂ ਮੁੜ ਸਰਗਰਮ ਹੋ ਰਹੀਆਂ ਹਨ। ਅਜਿਹੇ ’ਚ 23 ਅਕਤੂਬਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣਗੇ ਤੇ ਕਿਤੇ-ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।

Posted By: Jatinder Singh