ਜੇਐੱਨਐੱਨ, ਲੁਧਿਆਣਾ : ਸੂਬੇ 'ਚ ਠੰਢ ਨੇ ਜ਼ੋਰ ਫੜ ਲਿਆ ਹੈ। ਠੰਡੀਆਂ ਹਵਾਵਾਂ ਕਾਰਨ ਰਾਤ ਨੂੰ ਪਾਰਾ ਲਗਾਤਾਰ ਡਿੱਗ ਰਿਹਾ ਹੈ। ਵੀਰਵਾਰ ਨੂੰ ਲੁਧਿਆਣਾ ਸੂਬੇ 'ਚੋਂ ਸਭ ਤੋਂ ਠੰਡਾ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਲੁਧਿਆਣਾ 'ਚ ਘੱਟੋ-ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਜਲੰਧਰ ਦਾ ਘੱਟੋ-ਘੱਟ ਤਾਪਮਾਨ 4.8, ਕਪੂਰਥਲਾ ਦਾ 5.0, ਫਿਰੋਜ਼ਪੁਰ ਦਾ 5.8, ਅੰਮਿ੍ਤਸਰ ਦਾ 5.6 ਤੇ ਪਟਿਆਲਾ 'ਚ 8.0 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ 8 ਦਸੰਬਰ ਤਕ ਸਵੇਰੇ-ਸ਼ਾਮ ਸੰਘਣੀ ਧੁੰਦ ਪਵੇਗੀ। 10 ਦਸੰਬਰ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਹਵਾਈ ਅੱਡੇ 'ਤੇ ਵਿਛੀ ਕੋਹਰੇ ਦੀ ਚਾਦਰ, ਉਡਾਣਾਂ ਪ੍ਰਭਾਵਿਤ

ਜੇਐੱਨਐੱਨ, ਅੰਮਿ੍ਤਸਰ : ਸ੍ਰੀ ਗੁਰੂ ਰਾਮ ਦਾਸ ਜੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਸੰਘਣਾ ਕੋਹਰੇ ਪਿਆ। ਕੋਲਕਾਤਾ ਤੋਂ ਉਡਾਣ ਭਰ ਕੇ ਸਵੇਰੇ 7.10 ਵਜੇ ਅੰਮਿ੍ਤਸਰ ਲੈਂਡ ਕਰਨ ਵਾਲੀ ਇੰਡੀਗੋ ਦੀ ਫਲਾਈ ਗਿਣਤੀ 6ਈ5925 ਉਡਾਣ ਸਵੇਰੇ 11 ਵਜੇ ਪੁੱਜੀ। ਤੈਅ ਸਮੇਂ 'ਤੇ ਪੁੱਜੀ ਉਡਾਣ ਦੇ ਪਾਇਲਟ ਨੇ ਏਅਰਕ੍ਰਾਫਟ ਨੂੰ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਕੋਰੇ ਕਾਰਨ ਅਸਫਲ ਰਹਿਣ 'ਤੇ ਏਅਰਪੋਰਟ ਟ੍ਰੈਫਿਕ ਕੰਟਰੋਲ ਨੇ ਇਸ ਨੂੰ ਦਿੱਲੀ ਲਈ ਡਾਈਵਰਟ ਕਰ ਦਿੱਤਾ। ਇਸ ਉਡਾਣ ਨੇ ਅੰਮਿ੍ਤਸਰ ਹਵਾਈ ਅੱਡੇ ਤੋਂ ਸ੍ਰੀਨਗਰ ਲਈ ਜਾਣਾ ਸੀ, ਜੋ ਦਿੱਲੀ ਹਵਾਈ ਅੱਡੇ ਤੋਂ ਚਾਰ ਘੰਟੇ ਦੇਰੀ ਨਾਲ ਸ੍ਰੀਨਗਰ ਲਈ ਉੱਡੀ।