ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਪਿੰਡ ਮੰਗਲੀ ਉੱਚੀ ਦੀ ਨਵੀਂ ਚੁਣੀ ਗਈ ਪੰਚਾਇਤ ਸਰਪੰਚ ਜਸਮੀਨ ਕੌਰ ਦੀ ਅਗਵਾਈ 'ਚ ਵੀਰਵਾਰ ਨੂੰ ਸਾਬਕਾ ਵਿਧਾਇਕ ਸਵ. ਧਨਰਾਜ ਸਿੰਘ ਗਿੱਲ ਦੇ ਘਰ ਪੁੱਜੀ, ਜਿੱਥੇ ਉਨ੍ਹਾਂ ਨੇ ਸਾਬਕਾ ਵਿਧਾਇਕ ਦੀ ਪਤਨੀ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਮੈਂਬਰ ਜ਼ਿਲ੍ਹਾ ਪ੫ੀਸ਼ਦ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਵੀ ਨਵੀਂ ਸਰਪੰਚ ਤੇ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ। ਇਸ ਮੌਕੇ ਗਿੱਲ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਉਹ ਇਮਾਨਦਾਰੀ ਦੇ ਨਾਲ ਪਿੰਡ ਦਾ ਵਿਕਾਸ ਤੇ ਲੋਕ ਸੇਵਾ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸੂਬਾ ਸਰਕਾਰ ਹਰ ਪਿੰਡ ਦਾ ਵਿਕਾਸ ਕਰਨਾ ਚਾਹੁੰਦੀ ਹੈ। ਪਿਛਲੇ ਕੁਝ ਸਮੇਂ 'ਚ ਕਈ ਪਿੰਡਾਂ 'ਚ ਕਾਂਗਰਸੀ ਪੰਚਾਇਤਾਂ ਨਾ ਹੋਣ ਕਰ ਕੇ ਪਿੰਡਾਂ ਦਾ ਵਿਕਾਸ ਰੁਕ ਗਿਆ ਸੀ ਜੋ ਹੁਣ ਸਪੀਡ ਫੜੇਗਾ। ਨਵੀਂ ਪੰਚਾਇਤ ਜਲਦ ਹੀ ਪਿੰਡਾਂ ਦੇ ਹੋਣ ਵਾਲੇ ਕੰਮਾਂ ਦੀ ਸੂਚੀ ਤਿਆਰ ਕਰੇ ਤਾਂ ਜੋ ਉਨ੍ਹਾਂ ਨਾਲ ਸਬੰਧਿਤ ਮੰਤਰੀਆਂ ਤੋਂ ਫੰਡ ਲਿਆਂਦੇ ਜਾਣ। ਇਸ ਮੌਕੇ ਉਦੇਰਾਜ ਸਿੰਘ ਗਿੱਲ ਸਰਪੰਚ ਜੰਡਿਆਲੀ, ਅਮਰਜੀਤ ਸਿੰਘ ਮੰਗਲੀ, ਨਿਰਪਾਲ ਸਿੰਘ, ਬੂਟਾ ਕੁਹਾੜਾ ਆਦਿ ਹਾਜ਼ਰ ਸਨ।