ਜੇਐੱਨਐੱਨ, ਬਠਿੰਡਾ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਚਰਚਾ ਵਿਚ ਹੈ। ਇਸ ਵਾਰ ਕਰਫ਼ਿਊ ਦੌਰਾਨ ਬਠਿੰਡਾ ਦੇਹਾਤੀ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਗੱਡੀ ਲੈ ਕੇ ਠੇਕੇ ਤੋਂ ਸ਼ਰਾਬ ਖਰੀਦਣ ਪੁੱਜੇ ਉਨ੍ਹਾਂ ਦੇ ਗੰਨਮੈਨ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼ੁੱਕਰਵਾਰ ਦੀ ਹੈ ਜਿਸ ਵੇਲੇ ਪੂਰੇ ਸ਼ਹਿਰ ਵਿਚ ਕਰਫ਼ਿਊ ਲੱਗਾ ਹੋਇਆ ਸੀ।

ਮੌਕੇ 'ਤੇ ਮੌਜੂਦ ਲੋਕਾਂ ਨੇ ਬਣਾਈ ਵੀਡੀਓ

ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬੀਬੀਵਾਲਾ ਚੌਕ 'ਚ ਵਿਧਾਇਕ ਰੁਪਿੰਦਰ ਕੌਰ ਰੂਬੀ ਦੀ ਸਰਕਾਰੀ ਗੱਡੀ ਉਕਤ ਸ਼ਰਾਬ ਦੇ ਠੇਕੇ ਦੇ ਬਾਹਰ ਪਹੁੰਚਦੀ ਹੈ। ਗੱਡੀ ਵਿਚੋਂ ਉਨ੍ਹਾਂ ਦਾ ਗੰਨਮੈਨ ਨਿਕਲਿਆ ਤੇ ਠੇਕੇ ਤੋਂ ਸ਼ਰਾਬ ਦੀ ਬੋਤਲ ਖਰੀਦ ਕੇ ਗੱਡੀ 'ਚ ਜਾਣ ਲੱਗਾ। ਇਸੇ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ 'ਤੇ ਉਹ ਤੁਰੰਤ ਗੱਡੀ ਲੈ ਕੇ ਉੱਥੋਂ ਭੱਜ ਗਿਆ।

ਗੰਨਮੈਨ ਖਾਣਾ ਲਿਆਉਣ ਲਈ ਗੱਡੀ ਲੈ ਕੇ ਗਿਆ ਸੀ : ਵਿਧਾਇਕ ਰੂਬੀ

ਲੋਕਾਂ ਦਾ ਕਹਿਣਾ ਸੀ ਕਿ ਕਰਫ਼ਿਊ 'ਚ ਆਮ ਲੋਕਾਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਜਾਂਦਾ। ਉੱਥੇ ਹੀ, ਵਿਧਾਇਕ ਦਾ ਗੰਨਮੈਨ ਆਰਾਮ ਨਾਲ ਸਰਕਾਰੀ ਗੱਡੀ 'ਚ ਆ ਕੇ ਠੇਕੇ ਤੋਂ ਸ਼ਰਾਬ ਲੈ ਜਾਂਦਾ ਹੈ। ਇਸ ਤੋਂ ਬਾਅਦ ਲੋਕਾਂ ਨੇ ਇਹ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤੀ। ਓਧਰ, ਇਸ ਮਾਮਲੇ 'ਚ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਸਪਤਾਲ 'ਚ ਦਾਖ਼ਲ ਹਨ। ਉਨ੍ਹਾਂ ਦਾ ਗੰਨਮੈਨ ਖਾਣਾ ਲਿਆਉਣ ਲਈ ਉਨ੍ਹਾਂ ਦੀ ਗੱਡੀ ਲੈ ਕੇ ਗਿਆ ਸੀ। ਉਨ੍ਹਾਂ ਗੰਨਮੈਨ ਨੂੰ ਸਪੱਸ਼ਟ ਕਰ ਦਿੱਤਾ ਕਿ ਅੱਗੇ ਤੋਂ ਉਸ ਦੀ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਹੈ।

Posted By: Seema Anand