ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬੀ ਸੂਫ਼ੀ ਗਾਇਕੀ 'ਚ ਛੋਟੀ ਜਿਹੀ ਉਮਰ 'ਚ ਵੱਡਾ ਨਾਂ ਕਮਾਉਣ ਵਾਲੇ ਵਿੱਕੀ ਬਾਦਸ਼ਾਹ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਭੱਟੀਆਂ ਦੇ ਸ਼ਮਸ਼ਾਨ ਘਾਟ ਵਿਖੇ ਸੋਮਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਗਾਇਕ ਫਿਰੋਜ਼ ਖ਼ਾਨ, ਅਮਰਿੰਦਰ ਬੌਬੀ, ਰਣਜੀਤ ਰਾਣਾ, ਰਾਜਨ ਗਿੱਲ, ਕਾਕੇ ਸ਼ਾਹ, ਸਰਦਾਰ ਅਲੀ ਅਤੇ ਦੀਪਕ ਹੰਸ ਤੋਂ ਇਲਾਵਾ ਅਨੇਕਾਂ ਗਾਇਕ ਤੇ ਸੈਂਕੜੇ ਪ੍ਰਸ਼ੰਸ਼ਕ ਸ਼ਾਮਲ ਹੋਏ। ਜਲੰਧਰ ਬਾਈਪਾਸ ਦੇ ਭੱਟੀਆਂ ਇਲਾਕੇ ਦੇ ਰਹਿਣ ਵਾਲੇ ਵਿੱਕੀ ਬਾਦਸ਼ਾਹ ਆਪਣੇ ਪਿੱਛੇ ਮਾਤਾ, ਪਤਨੀ, ਤਿੰਨ ਧੀਆਂ ਅਤੇ ਇਕ ਪੁੱਤਰ ਛੱਡ ਗਏ ਹਨ।

ਇਸ ਮੌਕੇ ਵਿੱਕੀ ਬਾਦਸ਼ਾਹ ਦੇ ਭਰਾ ਗਾਂਧੀ ਨੇ ਦੱਸਿਆ ਕਿ ਉਹ ਪੰਜ ਭਰਾ ਸਨ ਜਿਨ੍ਹਾਂ ਵਿਚੋਂ ਪਹਿਲਾਂ ਦੋ ਭਰਾਵਾਂ ਅਤੇ ਹੁਣ ਵਿੱਕੀ ਬਾਦਸ਼ਾਹ ਦੀ ਮੌਤ ਹੋ ਚੁੱਕੀ ਹੈ। ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਸੂਫ਼ੀ ਗਾਇਕੀ ਨਾਲ ਜੁੜਿਆ ਹੋਇਆ ਹੈ। ਵਿੱਕੀ ਬਾਦਸ਼ਾਹ ਨੇ ਜਿੱਥੇ ਪੰਜਾਬੀ ਸੂਫ਼ੀ ਗਾਇਕੀ 'ਚ ਆਪਣਾ ਨਾਂ ਕਮਾਇਆ ਉੱਥੇ ਉਨ੍ਹਾਂ ਜਗਰਾਤਿਆਂ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ।

ਇਸ ਮੌਕੇ ਗਾਇਕ ਫਿਰੋਜ਼ ਖ਼ਾਨ ਨੇ ਕਿਹਾ ਕਿ ਵਿੱਕੀ ਬਾਦਸ਼ਾਹ ਦੀ ਮੌਤ ਨਾਲ ਸੂਫ਼ੀ ਗਾਇਕੀ ਦੇ ਇਕ ਸੁਨਿਹਰੀ ਯੁੱਗ ਦਾ ਅੰਤ ਹੋਇਆ ਹੈ। ਵਿੱਕੀ ਬਾਦਸ਼ਾਹ ਦੇ ਦੇਹਾਂਤ 'ਤੇ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Posted By: Seema Anand