ਜੇਐੱਨਐੱਨ, ਲੁਧਿਆਣਾ : ਕਰਵਾਚੌਥ ਦਾ ਤਿਉਹਾਰ ਵੀਰਵਾਰ ਅਰਥਾਤ ਅੱਜ ਹੈ। ਬੇਸ਼ੱਕ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਦਸ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਸਨ ਤੇ ਅੌਰਤਾਂ ਲੇਡੀਜ਼ ਕਲੱਬਾਂ, ਰੈਸਟੋਰੈਂਟਾਂ ਵਿਚ ਇਸ ਨੂੰ ਮਨਾਉਂਦੀਆਂ ਵੀ ਨਜ਼ਰ ਆਈਆਂ। ਪਰ ਇਸ ਤਿਉਹਾਰ ਦੀ ਅਸਲ ਰੌਣਕ ਕਰਵਾਚੌਥ ਤੋਂ ਇਕ ਦਿਨ ਪਹਿਲਾਂ ਦੇਖਣ ਨੂੰ ਮਿਲੀ।

ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਸਰਾਭਾ ਨਗਰ, ਘੁਮਾਰ ਮੰਡੀ, ਹੈਬੋਵਾਲ, ਮਾਡਲ ਟਾਊਨ ਹਰ ਪਾਸੇ ਰੌਣਕ ਹੀ ਰੌਣਕ ਦਿਖਾਈ ਦਿੱਤੀ। ਮਹਿੰਦੀ ਦੇ ਸਟਾਲ ਦੀ ਗੱਲ ਕਰੀਏ ਜਾਂ ਫਿਰ ਮਠਿਆਈ ਦੀ ਦੁਕਾਨ ਦੀ ਜਾਂ ਫਿਰ ਕਾਸਮੈਟਿਕ ਦੀ ਦੁਕਾਨ, ਹਰ ਪਾਸੇ ਭੀੜ ਹੀ ਦਿਖਾਈ ਦਿੱਤੀ।

-ਮਹਿੰਦੀ ਲਗਾਉਣ ਲਈ ਵੇਟਿੰਗ ਸੂਚੀ

ਕਰਵਾਚੌਥ ਦੇ ਇਕ ਦਿਨ ਪਹਿਲਾਂ ਮਹਿੰਦੀ ਲਗਾਉਣ ਲਈ ਸਟਾਲਾਂ 'ਤੇ ਅੌਰਤਾਂ ਆਪਣੀ ਵਾਰੀ ਦੀ ਉਡੀਕ ਕਰਦੀਆਂ ਦਿਸੀਆਂ। ਦੇਰ ਸ਼ਾਮ ਤੇ ਰਾਤ ਇਹ ਸਿਲਸਿਲਾ ਹੋਰ ਵੱਧਦਾ ਗਿਆ। ਬੁੱਧਵਾਰ ਸਵੇਰ ਤਕ ਤਾਂ ਉਕਤ ਬਜ਼ਾਰ 'ਚ ਦੋ ਸੌ ਤੋਂ ਤਿੰਨ ਸੌ ਰੁਪਏ ਤਕ ਮਹਿੰਦੀ ਦਾ ਇਕ ਹੱਥ ਲਿਆ ਗਿਆ ਤੇ ਸ਼ਾਮ ਤਕ ਤਾਂ ਇਹ ਕੀਮਤ ਹੋਰ ਵੱਧਦੀ ਗਈ। ਇੱਥੇ ਤਕ ਕਿ ਮਹਿੰਦੀ ਦੀ ਇਕ ਹੱਥ 'ਚ ਵੇਲ ਲਗਾਉਣ ਲਈ ਡੇਢ ਸੌ ਰੁਪਏ ਲਏ ਗਏ।

-ਚੂੜੀਆਂ ਦੀ ਖ਼ਰੀਦਦਾਰੀ ਲਈ ਲੱਗੀ ਭੀੜ

ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਕਾਸਮੈਟਿਕ ਦੀਆਂ ਦੁਕਾਨਾਂ 'ਚ ਜਿੱਥੇ ਅੌਰਤਾਂ ਸ਼ਿੰਗਾਰ ਦਾ ਸਾਮਾਨ ਖ਼ਰੀਦਣ 'ਚ ਰੁੱਝੀਆਂ ਦਿਖਾਈ ਦਿੱਤੀਆਂ। ਉੱਥੇ ਚੂੜੀਆਂ ਦੇ ਵੱਖ-ਵੱਖ ਸਟਾਲਾਂ 'ਤੇ ਵੀ ਭੀੜ ਨਜ਼ਰ ਆਈ। ਹਰ ਕੋਈ ਆਪਣੇ ਆਊਟਫਿਟਸ ਦੇ ਨਾਲ ਮੈਚ ਕਰਦੀਆਂ ਚੂੜੀਆਂ ਖ਼ਰੀਦਣ 'ਚ ਲੱਗਾ ਰਿਹਾ।