ਕੁਲਵਿੰਦਰ ਸਿੰਘ ਰਾਏ, ਖੰਨਾ

ਗ਼ੈਰਕਾਨੂੰਨੀ ਸਬਜ਼ੀ ਦੀ ਵਿਕਰੀ ਦਾ ਕਈ ਦਿਨਾਂ ਤੋਂ ਰੋਣਾ ਰੋ ਰਹੇ ਖੰਨਾ ਸਬਜ਼ੀ ਮੰਡੀ ਦੇ ਆੜ੍ਹਤੀਏ ਹੁਣ ਖ਼ੁਦ ਵੀ ਗ਼ੈਰਕਾਨੂੰਨੀ ਢੰਗ ਨਾਲ ਸਬਜ਼ੀ ਵੇਚਣ ਲੱਗੇ ਹਨ। ਸੋਮਵਾਰ ਸਵੇਰੇ ਸਬਜ਼ੀ ਮੰਡੀ ਦੇ ਇੱਕ ਚੋਰ ਦਰਵਾਜੇ ਰਾਹੀਂ ਸਬਜ਼ੀਆਂ ਕੱਢਦੇ ਆੜ੍ਹਤੀ ਤੇ ਉਨ੍ਹਾਂ ਦੇ ਕਰਿੰਦੇ ਦੇਖੇ ਗਏ। ਮੰਡੀ ਦਾ ਇਹ ਗੇਟ ਬੰਦ ਸੀ ਤੇ ਮਾਰਕੀਟ ਕਮੇਟੀ ਦੀ ਸਖ਼ਤੀ ਦੇ ਚੱਲਦੇ ਇਸ ਨੂੰ ਹੀ ਗ਼ੈਰਕਾਨੂੰਨੀ ਢੰਗ ਨਾਲ ਸਬਜ਼ੀ ਮੰਡੀ ਤੋਂ ਬਾਹਰ ਭੇਜਣ ਦਾ ਜ਼ਰੀਆ ਬਣਾ ਲਿਆ ਗਿਆ।

ਖੰਨਾ ਸਬਜ਼ੀ ਮੰਡੀ 'ਚ ਸ਼ਨਿਚਰਵਾਰ ਨੂੰ ਫਿਰ ਤੋਂ ਭਾਰੀ ਭੀੜ ਜਮਾਂ ਹੋਣ ਤੋਂ ਬਾਅਦ ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਆਪ ਮੰਡੀ 'ਚ ਪੁੱਜੇ। ਉਨ੍ਹਾਂ ਬਿਨਾਂ ਪਾਸ ਦੇ ਕਿਸੇ ਦੀ ਐਂਟਰੀ ਨਹੀਂ ਹੋਣ ਦਿੱਤੀ ਤੇ ਕੇਵਲ ਉਨ੍ਹਾਂ ਨੂੰ ਮਾਲ ਬਾਹਰ ਲੈ ਜਾਣ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਦੇ ਕੋਲ ਵਾਹਨ ਦਾ ਪਾਸ ਸੀ ਤੇ ਵਾਹਨ 'ਚ ਸਨ। ਪੈਦਲ ਬਾਹਰ ਮਾਲ ਲੈ ਜਾ ਰਹੇ ਲੋਕਾਂ ਨੂੰ ਉਨ੍ਹਾਂ ਨੇ ਰੋਕ ਦਿੱਤਾ।

ਇਸ ਸਖ਼ਤੀ ਦਾ ਅਸਰ ਇਹ ਹੋਇਆ ਕਿ ਮੰਡੀ ਦੇ ਗੇਟ 'ਤੇ ਭਾਰੀ ਭੀੜ ਜਮਾਂ ਹੋ ਗਈ। ਈਦ ਕਾਰਨ ਮਲੇਰਕੋਟਲਾ ਦੀ ਸਬਜ਼ੀ ਮੰਡੀ ਬੰਦ ਹੋਣ ਦਾ ਅਸਰ ਵੀ ਇਸ ਭੀੜ ਦੇ ਵਧਣ 'ਤੇ ਦਿਖ ਰਿਹਾ ਸੀ। ਰੌਚਕ ਗੱਲ ਇਹ ਹੈ ਕਿ ਗੇਟ ਦੇ ਬਾਹਰ ਤਾਂ ਗਾਹਕਾਂ ਦੀ ਭਾਰੀ ਭੀੜ ਸੀ ਪਰ ਅੰਦਰ ਆੜ੍ਹਤੀਏ ਖ਼ਾਲੀ ਬੈਠੇ ਸਨ। ਪਾਸ ਨਾ ਹੋਣ 'ਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਵਜ੍ਹਾ ਨਾਲ ਆੜ੍ਹਤੀਆਂ ਨੇ ਚੋਰ ਰਸਤੇ ਤੋਂ ਮਾਲ ਵੇਚਣਾ ਸ਼ੁਰੂ ਕਰ ਦਿੱਤਾ।

ਮੰਡੀ ਦੇ ਬਾਹਰ ਫਿਰ ਵਿਕੀ ਸਬਜ਼ੀ

ਇਸ ਦੌਰਾਨ ਖੰਨਾ ਸਬਜ਼ੀ ਮੰਡੀ ਦੇ ਬਾਹਰ ਹੀ ਸ਼ਰੇਆਮ ਇੱਕ ਵਾਰ ਫਿਰ ਗ਼ੈਰਕਾਨੂੰਨੀ ਢੰਗ ਨਾਲ ਸਬਜ਼ੀ ਵੇਚੀ ਗਈ। ਸਬਜ਼ੀ ਮੰਡੀ ਦੇ ਲਾਗੇ ਹੀ, ਅਮਲੋਹ ਚੌਂਕ 'ਤੇ ਤੇ ਏਐੱਸ ਕਾਲਜ ਫਾਰ ਵਿਮੈਨ ਦੇ ਕੋਲ ਟਰੈਕਟਰ-ਟਰਾਲੀਆਂ, ਥ੍ਰੀ-ਵੀਲਰ ਤੇ ਟੈਂਪੂਆਂ 'ਤੇ ਗ਼ੈਰਕਾਨੂੰਨੀ ਢੰਗ ਨਾਲ ਸਬਜ਼ੀਆਂ ਵੇਚੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਦੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਤੋਂ ਸਰਕਾਰ ਨੂੰ ਰੈਵੀਨਿਊ ਦੇ ਨੁਕਸਾਨ ਦਾ ਸਿਲਸਿਲਾ ਜਾਰੀ ਹੈ।

ਮਜ਼ਬੂਰੀ 'ਚ ਦੂਜੇ ਗੇਟ ਨੂੰ ਕੀਤਾ ਇਸਤੇਮਾਲ-ਸ਼ੇਰਗਿੱਲ

ਖੰਨਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਮੰਡੀ ਨਹੀਂ ਗਏ ਪਰ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਨੇ ਮਾਲ ਖਰੀਦ ਚੁੱਕੇ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ। ਇਸ ਮਜਬੂਰੀ ਕਾਰਨ ਉਨ੍ਹਾਂ ਨੂੰ ਦੂਜੇ ਗੇਟ ਤੋਂ ਮਾਲ ਬਾਹਰ ਕੱਢਣਾ ਪਿਆ। ਜੇਕਰ ਮੰਡੀ ਦੇ ਅੰਦਰ ਦੇ ਲੋਕਾਂ ਨੂੰ ਬਾਹਰ ਨਾ ਕੱਢਦੇ ਤਾਂ ਮੰਡੀ 'ਚ ਵੀ ਭੀੜ ਜਮਾਂ ਹੋ ਜਾਂਦੀ।

ਨਿਯਮਾਂ ਦਾ ਪਾਲਣ ਸਖਤੀ ਨਾਲ ਕਰਵਾਵਾਂਗੇ-ਸਕੱਤਰ

ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਕਿਹਾ ਕਿ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਵਾਇਆ ਜਾਵੇਗਾ। ਮੰਡੀ 'ਚ ਐਂਟਰੀ ਦੇ ਪਾਸ ਆੜਤੀਆਂ ਦੀ ਸਿਫਾਰਿਸ਼ ਤੋਂ ਹੀ ਬਣਾਏ ਗਏ ਸਨ। ਜੇਕਰ ਫਿਰ ਵੀ ਉਹ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਤਾਂ ਗਲਤ ਹੈ। ਕਿਸੇ ਨੂੰ ਵੀ ਸਬਜ਼ੀ ਲੈਣ ਆਉਣਾ ਹੈ ਤਾਂ ਉਹ ਆਪਣਾ ਵਾਹਨ ਮੰਡੀ 'ਚ ਲਿਆਉਣ। ਪੈਦਲ ਨੂੰ ਐਂਟਰੀ ਨਹੀਂ ਮਿਲੇਗੀ। ਜੇਕਰ ਕਿਸੇ ਨੇ ਗਲਤ ਰਸਤਾ ਚੁਣਿਆ ਤਾਂ ਕਾਰਵਾਈ ਹੋਵੇਗੀ।