ਲੁਧਿਆਣਾ, ਜੇਐੱਨਐੱਨ: ਰੱਖਿਆ ਮੰਤਰਾਲੇ ਵੱਲੋਂ ਪ੍ਰੋਜੈਕਟ ਵੀਰ ਗਾਥਾ ਐਡੀਸ਼ਨ 2 ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਵੱਖ-ਵੱਖ ਸਕੂਲ ਬੋਰਡਾਂ ਦੇ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਣਗੇ। ਇਹ ਪ੍ਰੋਜੈਕਟ ਵਿਦਿਆਰਥੀਆਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸ਼ੁਰੂ ਕੀਤਾ ਗਿਆ ਹੈ।

'ਵੀਰਤਾ ਪੁਰਸਕਾਰ ਪੋਰਟਲ' 'ਤੇ ਕਰਨੀ ਪਵੇਗੀ ਰਜਿਸਟ੍ਰੇਸ਼ਨ

ਇਸ ਪ੍ਰੋਜੈਕਟ ਤਹਿਤ ਵਿਦਿਆਰਥੀ ਲੇਖ, ਕਹਾਣੀ, ਪੇਂਟਿੰਗ, ਡਰਾਇੰਗ, ਕਵਿਤਾ, ਪੈਰਾ ਆਦਿ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਣਗੇ। ਸਕੂਲੀ ਵਿਦਿਆਰਥੀ ਜੋ ਮੁਕਾਬਲੇ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਰੱਖਿਆ ਮੰਤਰਾਲੇ ਦੇ ਗੈਲੇਂਟਰੀ ਅਵਾਰਡਜ਼ ਪੋਰਟਲ 'ਤੇ ਰਜਿਸਟਰ ਕਰਨਾ ਪਵੇਗਾ। ਹਾਲਾਂਕਿ ਜੋ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ, ਉਹ ਸਕੂਲ ਪੱਧਰ 'ਤੇ ਕੀਤੀਆਂ ਜਾਣਗੀਆਂ। ਗਤੀਵਿਧੀਆਂ 6 ਅਕਤੂਬਰ ਤੋਂ 10 ਨਵੰਬਰ ਤਕ ਜਾਰੀ ਰਹਿਣਗੀਆਂ ਅਤੇ ਸਕੂਲਾਂ ਨੂੰ ਸਭ ਤੋਂ ਵਧੀਆ ਐਂਟਰੀਆਂ ਨੂੰ ਸ਼ਾਰਟਲਿਸਟ ਕਰਨਾ ਪਵੇਗਾ।

ਹਰ ਸਕੂਲ ਚਾਰ ਐਂਟਰੀਆਂ ਕਰ ਸਕੇਗਾ ਅਪਲੋਡ

ਜਮਾਤਾਂ ਨੂੰ ਤੀਜੀ ਤੋਂ 12ਵੀਂ ਜਮਾਤ ਤਕ ਚਾਰ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਸਕੂਲ MyGov ਪੋਰਟਲ 'ਤੇ ਚਾਰ ਐਂਟਰੀਆਂ ਅਪਲੋਡ ਕਰਨ ਦੇ ਯੋਗ ਹੋਵੇਗਾ। ਇਸ ਲਈ ਸਕੂਲਾਂ ਨੂੰ 1 ਨਵੰਬਰ ਤੋਂ 22 ਨਵੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਸਕੂਲਾਂ ਵੱਲੋਂ 25 ਨਵੰਬਰ ਤੋਂ 10 ਦਸੰਬਰ 2022 ਤੱਕ ਭੇਜੀਆਂ ਗਈਆਂ ਐਂਟਰੀਆਂ ਦਾ ਮੁਲਾਂਕਣ ਖੇਤਰੀ ਪੱਧਰ 'ਤੇ ਕੀਤਾ ਜਾਵੇਗਾ।

ਫਿਰ ਰਾਸ਼ਟਰੀ ਪੱਧਰ 'ਤੇ ਇਸ ਦਾ ਮੁਲਾਂਕਣ ਕੀਤਾ ਜਾਵੇਗਾ। ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਐਂਟਰੀਆਂ ਭੇਜਣ ਦੀ ਆਖ਼ਰੀ ਮਿਤੀ ਦਾ ਇੰਤਜ਼ਾਰ ਨਾ ਕਰਨ। ਜਿਵੇਂ-ਜਿਵੇਂ ਵਿਦਿਆਰਥੀ ਗਤੀਵਿਧੀਆਂ ਦਾ ਹਿੱਸਾ ਬਣਦੇ ਹਨ, ਹਰ ਸ਼੍ਰੇਣੀ 'ਚ ਵਧੀਆ ਐਂਟਰੀਆਂ ਨੂੰ ਭੇਜਦੇ ਜਾਣ।

ਗਣਤੰਤਰ ਦਿਵਸ ਸਮਾਰੋਹ ਚ ਕੀਤਾ ਜਾਵੇਗਾ ਸਨਮਾਨਤ

12 ਤੋਂ 30 ਦਸੰਬਰ 2022 ਤਕ, ਰਾਸ਼ਟਰੀ ਪੱਧਰ ਦੀ ਕਮੇਟੀ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਨਾਮ ਸਿੱਖਿਆ ਵਿਭਾਗ ਨੂੰ ਭੇਜੇਗੀ। ਇਸ ਤੋਂ ਬਾਅਦ 31 ਦਸੰਬਰ ਨੂੰ ਵਿਭਾਗ ਜੇਤੂਆਂ ਦੇ ਨਾਂ ਰੱਖਿਆ ਮੰਤਰਾਲੇ ਨੂੰ ਜਾਰੀ ਕਰੇਗਾ।

ਸਾਰੀਆਂ ਚਾਰ ਸ਼੍ਰੇਣੀਆਂ ਵਿਚ 25 ਐਂਟਰੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਅਗਲੇ ਸਾਲ ਗਣਤੰਤਰ ਦਿਵਸ ਪ੍ਰੋਗਰਾਮ ਲਈ ਸੱਦਾ ਦਿੱਤਾ ਜਾਵੇਗਾ। ਸਾਰਿਆਂ ਨੂੰ 10,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ।

Posted By: Sandip Kaur