ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਕਾਰੋਬਾਰ ਦੇ ਸਿਲਸਿਲੇ 'ਚ ਪੰਚਕੂਲਾ ਰਹਿ ਰਹੇ ਵਿਅਕਤੀ ਦੇ ਲੁਧਿਆਣਾ ਵਾਲੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਅੰਦਰੋਂ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰਕੇ ਲੈ ਗਏ। ਚੋਰਾਂ ਨੇ ਘਰ ਨੂੰ ਸੰਨ੍ਹ ਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਕਾਰੋਬਾਰੀ ਦੇ ਗੁਆਂਢੀ ਨੇ ਉਸ ਨੂੰ ਫੋਨ 'ਤੇ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪੰਚਕੂਲਾ ਦੇ ਵਾਸੀ ਕਾਰੋਬਾਰੀ ਮਨਜੀਤ ਸਿੰਘ ਖੁਰਾਣਾ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਮਨਜੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਉਹ ਪੰਚਕੂਲਾ 'ਚ ਰਹਿੰਦੇ ਹਨ ਤੇ ਉਨ੍ਹਾਂ ਦਾ ਲੁਧਿਆਣਾ ਦੀ ਜਮਾਲਪੁਰ ਕਾਲੋਨੀ 'ਚ ਵੀ ਇਕ ਘਰ ਹੈ। ਖੁਰਾਣਾ ਮੁਤਾਬਕ ਲੁਧਿਆਣਾ ਵਾਲਾ ਘਰ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਿਆ ਹੈ। ਮਨਜੀਤ ਸਿੰਘ ਖੁਰਾਣਾ ਅਨੁਸਾਰ ਦੁਪਹਿਰੇ 12 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਸੰਤੋਸ਼ ਕੁਮਾਰ ਨੇ ਫੋਨ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਘਰ ਦੀ ਕੰਧ ਨੂੰ ਸੰਨ੍ਹ ਲੱਗੀ ਹੋਈ ਹੈ।

ਸੂਚਨਾ ਤੋਂ ਬਾਅਦ ਮਨਜੀਤ ਸਿੰਘ ਖੁਰਾਣਾ ਲੁਧਿਆਣਾ ਪੁੱਜੇ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਘਰ 'ਚੋਂ ਇਕ ਐੱਲਈਡੀ, ਇਕ ਸੈਂਟਾ ਬਾਕਸ, ਇਕ ਏਸੀ, ਸੋਫਾ ਕਮ ਬੈੱਡ, ਇਕ ਪਲਾਸਟਿਕ ਦਾ ਮੇਜ਼, ਛੱਤ ਦਾ ਪੱਖਾ, ਇਕ ਇਨਵਰਟਰ, ਟਿਊਬਲਰ ਬੈਟਰੀ, ਇਕ ਇਲੈਕਟ੍ਰਾਨਿਕ ਦਾ ਇੰਡਕਸ਼ਨ ਹੀਟਰ ਤੇ ਘਰ ਦੀ ਸੈਨੇਟਰੀ ਦਾ ਸਾਰਾ ਸਾਮਾਨ ਚੋਰੀ ਹੋ ਚੁੱਕਾ ਸੀ। ਖੁਰਾਣਾ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਮੌਕੇ 'ਤੇ ਪੁੱਜੀ। ਇਸ ਮਾਮਲੇ 'ਚ ਏਐੱਸਆਈ ਰਣਜੀਤ ਸਿੰਘ ਨੇ ਕਿਹਾ ਕਿ ਚੋਰਾਂ ਨੇ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਤੋਂ ਘਰ ਦੀ ਕੰਧ ਨੂੰ ਸੰਨ੍ਹ ਲਗਾਈ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਰਸਤਿਓਂ ਵਾਪਸ ਹੋ ਗਏ। ਪੁਲਿਸ ਨੇ ਇਸ ਮਾਮਲੇ 'ਚ ਮਨਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਏਐੱਸਆਈ ਰਣਜੀਤ ਸਿੰਘ ਮੁਤਾਬਕ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।