ਲੁਧਿਆਣਾ ਵਿੱਚ ਯੂਪੀਐਸਸੀ ਪ੍ਰੀਲਿਮਜ਼ ਪ੍ਰੀਖਿਆ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ

-ਮਹਾਨਗਰ ’ਚ ਬਣੇ 14 ਪ੍ਰੀਖਿਆ ਕੇਂਦਰਾਂ ’ਤੇ ਕੀਤੇ ਗਏ ਸਨ ਸਖ਼ਤ ਸੁਰੱਖਿਆ ਪ੍ਰਬੰਧ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ 14 ਕੇਂਦਰਾਂ 'ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੇ ਚੱਲਦੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਸਿਵਲ ਸੇਵਾਵਾਂ ਪ੍ਰੀਲਿਮਜ਼ ਪ੍ਰੀਖਿਆ ਦੇ ਸੁਚਾਰੂ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈ।
ਇਸ ਦੌਰਾਨ ਜ਼ਿਲ੍ਹੇ ਦੇ 14 ਕੇਂਦਰਾਂ ’ਚ 4,353 ਰਜਿਸਟਰਡ ਉਮੀਦਵਾਰਾਂ ਵਿੱਚੋਂ, 2,753 ਉਮੀਦਵਾਰਾਂ, ਜਿਨ੍ਹਾਂ ਵਿੱਚ 1,300 ਪੁਰਸ਼ ਅਤੇ 1,453 ਔਰਤਾਂ ਸ਼ਾਮਲ ਹਨ ਨੇ ਸਵੇਰ ਦੇ ਸੈਸ਼ਨ ਅਤੇ 2,758 ਉਮੀਦਵਾਰਾਂ ਨੇ ਦੁਪਹਿਰ ਦੇ ਸੈਸ਼ਨ ਦੀ ਪ੍ਰੀਖਿਆ ਦਿੱਤੀ ਜਿਸ ਵਿੱਚ 1,287 ਪੁਰਸ਼ ਅਤੇ 1,442 ਔਰਤਾਂ ਸ਼ਾਮਲ ਸਨ। ਪਹਿਲਾ ਪੇਪਰ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ ਲਿਆ ਗਿਆ, ਜਦੋਂ ਕਿ ਦੂਜਾ ਪੇਪਰ ਦੁਪਹਿਰ 2.30 ਵਜੇ ਤੋਂ ਸ਼ਾਮ 4.30 ਵਜੇ ਤੱਕ ਹੋਇਆ।
ਇਹ ਪ੍ਰੀਖਿਆ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਅਰਬਨ ਅਸਟੇਟ-III ਜਮਾਲਪੁਰ ਕਲੋਨੀ ਚੰਡੀਗੜ੍ਹ ਰੋਡ, ਐਮਜੀਐਮ ਪਬਲਿਕ ਸਕੂਲ ਅਰਬਨ ਅਸਟੇਟ ਫੇਜ਼-1 ਦੁੱਗਰੀ, ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਕਿਚਲੂ ਨਗਰ, ਆਰਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਅਤੇ ਸਰਕਾਰੀ ਕਾਲਜ ਫਾਰ ਗਰਲਜ਼ ਰੱਖ ਬਾਗ ਭਾਰਤ ਨਗਰ ਚੌਕ ਸ਼ਾਮਲ ਸਨ।
ਵਾਧੂ ਕੇਂਦਰਾਂ ਵਿੱਚ ਐਸਸੀਡੀ ਸਰਕਾਰੀ ਕਾਲਜ ਸਿਵਲ ਲਾਈਨਜ਼ ਸ਼ਾਮਲ ਸਨ, ਜਿਸ ਵਿੱਚ ਪ੍ਰੀਖਿਆਵਾਂ ਇਸ ਦੀ ਪੁਰਾਣੀ ਇਮਾਰਤ (ਬਲਾਕ-ਏ), ਪੀਟੀਏ ਬਿਲਡਿੰਗ (ਬਲਾਕ-ਬੀ) ਅਤੇ ਪੀਜੀ ਬਿਲਡਿੰਗ (ਬਲਾਕ-ਸੀ) ਵਿੱਚ ਕਰਵਾਈਆਂ ਗਈਆਂ, ਐਸਡੀਪੀ ਕਾਲਜ ਫਾਰ ਵੂਮੈਨ ਦਰੇਸੀ ਰੋਡ, ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨਜ਼, ਸਰਕਾਰੀ ਕਾਲਜ ਫਾਰ ਗਰਲਜ਼ ਰੱਖ ਬਾਗ (ਸਬ-ਸੈਂਟਰ ਏ), ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਬਸੰਤ ਸਿਟੀ, ਸਕੂਲ ਆਫ਼ ਐਮੀਨੈਂਸ ਮਾਡਲ ਟਾਊਨ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਐਮਬੀਏ ਬਲਾਕ) ਗਿੱਲ ਪਾਰਕ ਸ਼ਾਮਲ ਸਨ। ਹਰੇਕ ਪ੍ਰੀਖਿਆ ਕੇਂਦਰ 'ਤੇ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਸਮੇਤ ਲੋੜੀਂਦੀ ਪੁਲਿਸ ਤਾਇਨਾਤੀ ਯਕੀਨੀ ਬਣਾਈ ਗਈ ਸੀ। ਪ੍ਰੀਖਿਆ ਦੌਰਾਨ ਸੁਰੱਖਿਆ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਸਾਰੇ ਸਥਾਨਾਂ 'ਤੇ ਉਮੀਦਵਾਰਾਂ ਦੀ ਤਲਾਸ਼ੀ ਵੀ ਲਈ ਗਈ।
---
ਡਿਪਟੀ ਕਮਿਸ਼ਨਰ ਨੇ ਖ਼ੁਦ ਕੀਤਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ
ਇਨ੍ਹਾਂ ਪ੍ਰੀਖਿਆਵਾਂ ਨੂੰ ਸ਼ਾਤੀ ਪੂਰਨ ਤਰੀਕੇ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਮੈਦਾਨ ਵਿੱਚ ਰਹੇ ਅਤੇ ਉਨ੍ਹਾਂ ਪ੍ਰੀਖਿਆ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ, ਆਵਾਜਾਈ, ਬੈਠਣ, ਪੀਣ ਵਾਲਾ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਸਮੇਤ ਵਿਆਪਕ ਪ੍ਰਬੰਧ ਕੀਤੇ ਹਨ।