ਸਟਾਫ਼ ਰਿਪੋਰਟਰ, ਖੰਨਾ : ਨਗਰ ਸੁਧਾਰ ਟਰੱਸਟ ਖੰਨਾ ਦੇ ਨਾਜਾਇਜ਼ ਕਬਜ਼ੇ ਹਟਾਓ ਦਸਤੇ ਨੇ ਵੀਰਵਾਰ ਨੂੰ ਖੰਨਾ ਦੀ ਜੀਟੀਬੀ ਮਾਰਕੀਟ 'ਚ ਕਾਰਵਾਈ ਕਰਦਿਆਂ ਮਾਰਕੀਟ 'ਚ ਲੱਗੇ ਗ਼ੈਰ-ਕਾਨੂੰਨੀ ਹੋਰਡਿੰਗਜ਼ ਤੇ ਬੈਨਰਾਂ ਨੂੰ ਟਰੱਸਟ ਦੀ ਟੀਮ ਵਲੋਂ ਹਟਾਇਆ ਗਿਆ। ਇਸ ਦੌਰਾਨ ਜੀਟੀਬੀ ਮਾਰਕੀਟ ਦਾ ਕੋਨਾ-ਕੋਨਾ ਟੀਮ ਵਲੋਂ ਸਾਫ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਖੰਨਾ ਟਰੱਸਟ ਦੀ ਟੀਮ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਵੱਡੀ ਕਾਰਵਾਈ ਤਹਿਤ ਜੀਟੀਬੀ ਮਾਰਕੀਟ 'ਚ ਲੱਗੇ ਵੱਡੇ ਗ਼ੈਰ-ਕਾਨੂੰਨੀ ਹੋਰਡਿੰਗਜ਼ ਹਟਾਏ ਸਨ। ਉਸ ਤੋਂ ਬਾਅਦ ਮਾਰਕੀਟ 'ਚ ਛੋਟੇ ਹੋਰਡਿੰਗਜ਼ ਤੇ ਬੈਨਰ ਹਟਾਉਣ ਤੋਂ ਰਹਿ ਗਏ ਸਨ, ਜਿਨ੍ਹਾਂ 'ਤੇ ਵੀਰਵਾਰ ਨੂੰ ਕਾਰਵਾਈ ਕੀਤੀ ਗਈ।

ਉੱਧਰ, ਟਰੱਸਟ ਵਲੋਂ ਵੀਰਵਾਰ ਦੀ ਸਵੇਰੇ ਹੀ ਗੁਰੂ ਅਮਰ ਦਾਸ ਮਾਰਕੀਟ ਤੇ ਨੈਸ਼ਨਲ ਹਾਈਵੇ ਦੀ ਮੰਜਾ ਮਾਰਕੀਟ 'ਤੇ ਕਾਰਵਾਈ ਦੀ ਤਿਆਰੀ ਕੀਤੀ ਗਈ ਸੀ। ਇਸ ਲਈ ਟਰੱਸਟ ਦੇ ਵਲੋਂ ਟੀਮ ਤੇ ਲੇਬਰ ਵੀ ਸੱਦ ਲਈ ਗਈ ਸੀ। ਇਕ ਜੇਸੀਬੀ ਦਾ ਇੰਤਜ਼ਾਮ ਵੀ ਹੋ ਗਿਆ ਸੀ ਪਰ ਐਨ ਵਕਤ 'ਤੇ ਪੁਲਿਸ ਫੋਰਸ ਨਾ ਮਿਲਣ ਕਾਰਨ ਪ੍ਰਰੋਗਰਾਮ ਨੂੰ ਟਾਲ ਦਿੱਤਾ ਗਿਆ।